ਅਫਗਾਨਿਸਤਾਨ ‘ਚ ਵਿਦੇਸ਼ੀਆਂ ਦੀ ਸੁਰੱਖਿਆ ‘ਤੇ ਇਕ ਵਾਰ ਫਿਰ ਸਵਾਲ ਖੜ੍ਹਾ ਹੋ ਗਿਆ ਹੈ। ਸੋਮਵਾਰ ਨੂੰ ਕੁਝ ਅੱਤਵਾਦੀਆਂ ਨੇ ਕਾਬੁਲ ਦੇ ਇੱਕ ਗੈਸਟ ਹਾਊਸ, ਸ਼ਾਹ-ਏ-ਨਵਾ ਹੋਟਲ ‘ਤੇ ਗੋਲੀਬਾਰੀ ਕੀਤੀ। ਸੂਤਰਾਂ ਨੇ ਰਾਇਟਰਸ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਮਾਰਤ ‘ਚ ਧਮਾਕੇ ਦੀ ਆਵਾਜ਼ ਵੀ ਸੁਣਾਈ ਦਿੱਤੀ। ਇਕ ਚਸ਼ਮਦੀਦ ਨੇ ਦੱਸਿਆ ਕਿ ਧਮਾਕਾ ਬਹੁਤ ਜ਼ਬਰਦਸਤ ਸੀ ਅਤੇ ਕਈ ਰਾਊਂਡ ਗੋਲੀਆਂ ਵੀ ਚੱਲੀਆਂ। ਹੋਟਲ ਦੇ ਅੰਦਰ ਦਾਖਲ ਹੋਏ ਕੁਝ ਹਮਲਾਵਰ ਲਗਾਤਾਰ ਗੋਲੀਬਾਰੀ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਤਿੰਨੋਂ ਹਮਲਾਵਰ ਮਾਰੇ ਗਏ ਹਨ। ਜ਼ਬੀਉੱਲ੍ਹਾ ਨੇ ਟਵੀਟ ‘ਚ ਲਿਖਿਆ, ‘ਕਾਬੁਲ ਦੇ ਇਕ ਹੋਟਲ ‘ਚ ਹਮਲਾ ਹੋਇਆ। ਤਿੰਨੋਂ ਹਮਲਾਵਰ ਮਾਰੇ ਗਏ ਹਨ। ਹੋਟਲ ਵਿੱਚ ਮੌਜੂਦ ਸਾਰੇ ਮਹਿਮਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸਿਰਫ਼ ਦੋ ਵਿਦੇਸ਼ੀ ਮਹਿਮਾਨ ਹੇਠਾਂ ਛਾਲ ਮਾਰਨ ਕਾਰਨ ਜ਼ਖ਼ਮੀ ਹੋ ਗਏ।
ਦੱਸ ਦੇਈਏ ਕਿ ਇਸ ਇਮਾਰਤ ਵਿੱਚ ਕੁਝ ਵਿਦੇਸ਼ੀ ਰਹਿ ਰਹੇ ਸਨ। ਇਸ ਹੋਟਲ ਨੂੰ ਚੀਨੀ ਹੋਟਲ ਕਿਹਾ ਜਾਂਦਾ ਹੈ ਕਿਉਂਕਿ ਚੀਨ ਦੇ ਸੀਨੀਅਰ ਅਧਿਕਾਰੀ ਅਕਸਰ ਇੱਥੇ ਆਉਂਦੇ-ਜਾਂਦੇ ਰਹਿੰਦੇ ਹਨ। ਜਾਣਕਾਰੀ ਮੁਤਾਬਕ ਹਮਲਾਵਰ ਗੋਲੀਆਂ ਚਲਾਉਂਦੇ ਹੋਏ ਹੋਟਲ ‘ਚ ਦਾਖਲ ਹੋਏ। ਇਸ ਤੋਂ ਬਾਅਦ ਉਸ ਨੇ ਧਮਾਕਾ ਕਰ ਦਿੱਤਾ। ਹਮਲੇ ਦੇ ਪਿੱਛੇ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ISKP) ਦਾ ਹੱਥ ਮੰਨਿਆ ਜਾ ਰਿਹਾ ਹੈ, ਹਾਲਾਂਕਿ, ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।