ਅਫ਼ਗਾਨਿਸਤਾਨ ਕਾਬੁਲ ‘ਚ ਧਮਾਕਾ ਪਤਾ ਲੱਗਾ ਹੈ ਕਿ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਵੱਡਾ ਧਮਾਕਾ ਹੋਇਆ ਹੈ। ਕਾਬੁਲ ਦੇ ਮਿਲਟਰੀ ਏਅਰਪੋਰਟ ਦੇ ਬਾਹਰ ਹੋਏ ਧਮਾਕੇ ‘ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਤਾਲਿਬਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫੀ ਤਾਕੋਰ ਨੇ ਦੱਸਿਆ ਕਿ ਅੱਜ ਸਵੇਰੇ ਕਾਬੁਲ ਫੌਜੀ ਹਵਾਈ ਅੱਡੇ ਦੇ ਬਾਹਰ ਧਮਾਕਾ ਹੋਇਆ, ਜਿਸ ਕਾਰਨ ਸਾਡੇ ਕਈ ਨਾਗਰਿਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ।
ਅਫ਼ਗਾਨੀ ਬੁਲਾਰੇ ਨੇ ਮੌਤਾਂ ਦੀ ਪੁਸ਼ਟੀ ਕੀਤੀ
ਅਫ਼ਗਾਨ ਨਿਊਜ਼ ਏਜੰਸੀ ਟੋਲੋ ਨਿਊਜ਼ ਨੇ ਦੱਸਿਆ ਕਿ ਐਤਵਾਰ ਨੂੰ ਕਾਬੁਲ ਫ਼ੌਜੀ ਹਵਾਈ ਅੱਡੇ ‘ਤੇ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਅਫ਼ਗਾਨਿਸਤਾਨ ਦੇ ਬੁਲਾਰੇ ਅਬਦੁਲ ਨਫੀ ਨੇ ਮ੍ਰਿਤਕਾਂ ਦੀ ਗਿਣਤੀ ਦਾ ਖ਼ੁਲਾਸਾ ਨਹੀਂ ਕੀਤਾ ਪਰ ਕਿਹਾ ਕਿ ਇਸ ਘਟਨਾ ‘ਚ ਕੁਝ ਲੋਕਾਂ ਦੀ ਮੌਤ ਹੋਈ ਹੈ।
ਅਫ਼ਗਾਨਿਸਤਾਨ ਵਿੱਚ ਲਗਾਤਾਰ ਹਮਲੇ
ਇਹ ਧਮਾਕਾ ਉੱਤਰੀ ਤਖਾਰ ਸੂਬੇ ਦੀ ਰਾਜਧਾਨੀ ਤਾਲੁਕਾਨ ਸ਼ਹਿਰ ਵਿੱਚ ਬੁੱਧਵਾਰ ਨੂੰ ਹੋਏ ਇੱਕ ਧਮਾਕੇ ਤੋਂ ਤਿੰਨ ਦਿਨ ਬਾਅਦ ਹੋਇਆ ਹੈ, ਜਿਸ ਵਿੱਚ ਚਾਰ ਲੋਕ ਜ਼ਖ਼ਮੀ ਹੋ ਗਏ ਹਨ। ਪਿਛਲੇ ਕੁਝ ਮਹੀਨਿਆਂ ਵਿੱਚ, ਯੁੱਧਗ੍ਰਸਤ ਦੇਸ਼ ਵਿੱਚ ਧਮਾਕਿਆਂ ਸਮੇਤ ਕਈ ਅੱਤਵਾਦੀ ਘਟਨਾਵਾਂ ਵਾਪਰੀਆਂ ਹਨ। ਸੋਮਵਾਰ ਨੂੰ ਹੋਏ ਇੱਕ ਧਮਾਕੇ ਵਿੱਚ ਉੱਤਰੀ ਬਦਖ਼ਸ਼ਾਨ ਸੂਬੇ ਦੇ ਪੁਲਿਸ ਮੁਖੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ।