ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੇ ਪਤੀ ਰਾਜ ਕੁੰਦਰਾ ਅਤੇ ਭੈਣ ਸ਼ਮਿਤਾ ਸ਼ੈੱਟੀ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਪਤੀ ਰਾਜ ਕੁੰਦਰਾ ਅਤੇ ਭੈਣ ਸ਼ਮਿਤਾ ਸ਼ੈੱਟੀ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਹੈ। ਉਨ੍ਹਾਂ ਗੁਰੂਘਰ ਵਿਖੇ ਮੱਥਾ ਟੇਕਣ ਦੇ ਉਪਰੰਤ ਪਵਿੱਤਰ ਗੁਰਬਾਣੀ ਦੇ ਕੀਰਤਨ ਦਾ ਵੀ ਸਰਵਨ ਕੀਤਾ ਹੈ।
ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਆ ਕੇ ਮੈਨੂੰ ਇੱਕ ਵੱਖਰੀ ਖੁਸ਼ੀ ਅਤੇ ਪਿਆਰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਮੈਂ ਜਦ ਵੀ ਗੁਰੂ ਨਗਰੀ ਆਉਂਦੀ ਹਾਂ ਤਾਂ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੀ ਹਾਂ ਅਤੇ ਇਸ ਗੁਰੂਘਰ ਵਿਖੇ ਆ ਕੇ ਵੱਖਰੀ ਸ਼ਾਂਤੀ ਮਿਲਦੀ ਹੈ। ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਸ਼ਹਿਰ ਵਿੱਚ ਹੋਣ ਵਾਲੇ ਇੱਕ ਨਿੱਜੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਉਚੇਚੇ ਤੌਰ ‘ਤੇ ਅੰਮ੍ਰਿਤਸਰ ਪਹੁੰਚੇ ਸਨ।
ਸ਼ਿਲਪਾ ਨੇ ਦੱਸਿਆ ਕਿ ਉਹ ਜਲਦ ਹੀ ਵੱਡੇ ਪਰਦੇ ‘ਤੇ ਨਜ਼ਰ ਆਵੇਗੀ ਅਤੇ ਇਸ ਫਿਲਮ ‘ਚ ਉਹ ਇਕ ਪੰਜਾਬਣ ਦਾ ਕਿਰਦਾਰ ਨਿਭਾਏਗੀ। ਉਨ੍ਹਾਂ ਦੱਸਿਆ ਕਿ ਆਗਾਮੀ ਉਹਨਾਂ ਦੀ ਨਵੀਂ ਫਿਲਮ ਸੁਖੀ ਵੀ ਆ ਰਹੀ ਹੈ ,ਜਿਸ ਵਿੱਚ ਉਹ ਬਤੌਰ ਪੰਜਾਬਣ ਦਾ ਕਿਰਦਾਰ ਨਿਭਾਉਂਦੇ ਹੋਏ ਵਿਖਾਈ ਦੇਣਗੀ। ਇਸ ਤੋਂ ਇਲਾਵਾ ਵੈਬ ਸੀਰੀਜ਼ ਇੰਡੀਅਨ ਪੁਲਿਸ ਫੋਰਸ ਵਿੱਚ ਵੀ ਸ਼ਿਲਪਾ ਸ਼ੈੱਟੀ ਦੀ ਅਦਾਕਾਰੀ ਦੀ ਝਲਕ ਵੇਖਣ ਨੂੰ ਮਿਲੇਗੀ ।
ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਆਪਣੀ ਅਦਾਕਾਰੀ ਅਤੇ ਬਾਲੀਵੁੱਡ ਦੇ ਹਿੱਟ ਗਾਣਿਆਂ ਦੇ ਸਦਕਾ ਹੀ ਦਰਸ਼ਕਾਂ ਵਿੱਚ ਜਾਣੀ ਜਾਂਦੀ ਹੈ। ਸ਼ਿਲਪਾ ਸ਼ੈੱਟੀ ਨੇ ਦੱਸਿਆ ਕਿ ਭਾਵੇਂ ਉਹ ਮੁੰਬਈ ‘ਚ ਡਾਈਟ ‘ਤੇ ਧਿਆਨ ਦਿੰਦੀ ਹੈ ਪਰ ਅੰਮ੍ਰਿਤਸਰ ਆ ਕੇ ਸਭ ਕੁਝ ਖਾਂਦੀ ਹੈ। ਉਹਨਾਂ ਨੇ ਅੰਮ੍ਰਿਤਸਰੀ ਕੁਲਚਾ ਅਤੇ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਵੀ ਖਾਧੀ ,ਜੋ ਕਿ ਮੁੰਬਈ ਵਿੱਚ ਨਹੀਂ ਮਿਲਦੇ।