ਨਾਵਲ ‘ਰੰਗ ਦੇ ਬਸੰਤੀ ਚੋਲਾ’, ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।
ਬਲਦੇਵ ਸਿੰਘ ਪੰਜਾਬੀ ਨਾਵਲ ਦੇ ਖੇਤਰ ਵਿਚ ਮਹੱਤਵਪੂਰਨ ਸਥਾਨ ਰੱਖਣ ਵਾਲਾ ਨਾਵਲਕਾਰ ਹੈ। ਹੁਣ ਉਹ ਆਪਣਾ ਨਵਾਂ ਨਾਵਲ ‘ਰੰਗ ਦੇ ਬਸੰਤੀ ਚੋਲਾ’ ਲੈ ਕੇ ਹਾਜ਼ਰ ਹੋਇਆ ਹੈ। ਇਸ ਨਾਵਲ ਵਿਚ ਭਗਤ ਸਿੰਘ ਦੇ ਬਚਪਨ ਤੋਂ ਲੈ ਕੇ ਕ੍ਰਾਂਤੀਕਾਰੀ ਗਤੀਵਿਧੀਆਂ ’ਚ ਸ਼ਾਮਲ ਹੋਣ ਅਤੇ ਫਿਰ ਗਿ੍ਰਫ਼ਤਾਰੀ ਤੋਂ ਬਾਅਦ ਫ਼ਾਂਸੀ ਦੇ ਰੱਸੇ ਤਕ ਪਹੁੰਚਣ ਦੀ ਬਿਰਤਾਂਤਕ ਗਾਥਾ ਨੂੰ ਤੱਥਾਤਮਕ ਅਤੇ ਗਲਪੀ ਰੂਪ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ।
ਭਗਤ ਸਿੰਘ ਦੇ ਕਾਨਪੁਰ ਪਹੁੰਚਣ, ਅਖ਼ਬਾਰ ਦੇ ਸੰਪਾਦਕ ਵਜੋਂ ਕੰਮ ਕਰਨ ਅਤੇ ਫਿਰ ਪੰਜਾਬ ਪਰਤਣ ਦੇ ਨਾਲ-ਨਾਲ ਉਸ ਦੀ ਸ਼ਖ਼ਸੀਅਤ ਦਾ ਇਕ ਇਹ ਬਿੰਬ ਵੀ ਨਾਵਲ ਵਿੱਚੋਂ ਉਜਾਗਰ ਹੁੰਦਾ ਹੈ ਕਿ ਭਗਤ ਸਿੰਘ ਪੜ੍ਹਨ ਲਿਖਣ ਵਾਲਾ ਨੌਜਵਾਨ ਸੀ, ਜੋ ਸੰਸਾਰ ਸਾਹਿਤ ਦਾ ਅਧਿਐਨ ਕਰਦਾ ਸੀ। ਫ਼ਾਂਸੀ ਦੇ ਤਖ਼ਤੇ ’ਤੇ ਜਾਣ ਤੋਂ ਪਹਿਲਾਂ ਵੀ ਉਹ ਪੁਸਤਕ ਪੜ੍ਹ ਰਿਹਾ ਹੁੰਦਾ ਹੈ ਅਤੇ ਇਨਕਲਾਬ ਬਾਰੇ ਉਸ ਦੀ ਸੋਚ ਅਤੇ ਸਮਝ ਇਕ ਨਿਵੇਕਲੀ ਕਿਸਮ ਦੀ ਸੀ। ਨਾਵਲ ਵਿਚ ਭਗਤ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਥੀਆਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਤੋਂ ਆਮ ਪਾਠਕ ਵਾਕਿਫ਼ ਨਹੀਂ। ਨਾਵਲ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਦਾ ਬਿਰਤਾਂਤ ਸਧਾਰਨ ਨਾਵਲੀ ਬਿਰਤਾਂਤ ਵਾਂਗੂ ਭਗਤ ਸਿੰਘ ਦੀ ਜੀਵਨ ਕਹਾਣੀ ਨੂੰ ਹੀ ਪੇਸ਼ ਨਹੀਂ ਕਰਦਾ ਸਗੋਂ ਇਸ ਨਾਵਲ ਵਿਚ ਇਕ ਨਿਰੰਤਰ ਸੰਵਾਦ ਚਲਦਾ ਰਹਿੰਦਾ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਿਸੇ ਵਿਚਾਰਧਾਰਕ ਮਸਲੇ ਤੇ ਬਹੁਤ ਸਾਰੇ ਵਿਅਕਤੀ ਸੰਵਾਦ ਰਚ ਰਹੇ ਹੋਣ। ਹਰੇਕ ਘਟਨਾ ਦੀ ਪੇਸ਼ਕਾਰੀ ਦੇ ਨਾਲ-ਨਾਲ ਨਾਵਲਕਾਰ ਨੇ ਭਗਤ ਸਿੰਘ ਅਤੇ ਸਾਥੀਆਂ ਵਿਚਕਾਰ ਹੋ ਰਹੇ ਸੰਵਾਦ ਨੂੰ ਬਰਾਬਰ ਪੇਸ਼ ਕਰਨ ਦਾ ਯਤਨ ਕੀਤਾ ਹੈ। ਭਗਤ ਸਿੰਘ ਦੀ ਸ਼ਖ਼ਸੀਅਤ ਦੀ ਸੰਜੀਦਗੀ ਦੇ ਨਾਲ-ਨਾਲ ਆਪਣੇ ਸਾਥੀਆਂ ਵਿਚ ਆਪਸੀ ਹਾਸੇ-ਮਜ਼ਾਕ ਦੇ ਵੇਰਵੇ ਵੀ ਨਾਵਲੀ ਬਿਰਤਾਂਤ ਵਿਚ ਭਗਤ ਸਿੰਘ ਦੀ ਸ਼ਖ਼ਸੀਅਤ ਨੂੰ ਹੋਰ ਵੀ ਗੂੜ੍ਹੀ ਅਤੇ ਰੋਚਕ ਬਣਾ ਦਿੰਦੇ ਹਨ। ਨਾਵਲ ਭਾਵੇਂ ਵੱਡਆਕਾਰੀ ਨਹੀਂ ਹੈ ਪਰ ਪਾਠਕਾਂ ’ਚ ਸੰਵਾਦ ਜ਼ਰੂਰ ਛੇੜੇਗਾ।