PreetNama
ਰਾਜਨੀਤੀ/Politics

BSF ‘ਤੇ ਆਲ ਪਾਰਟੀ ਮੀਟਿੰਗ, ਚੰਨੀ ਨੇ ਕਿਹਾ- ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਹਰ ਅਹੁਦਾ ਕੁਰਬਾਨ; ਲੋੜ ਪਈ ਤਾਂ SC ਵੀ ਜਾਵਾਂਗੇ

ਕੇਂਦਰ ਸਰਕਾਰ ਵੱਲੋਂ ਬੀਐਸਐਫ ਦਾ ਦਾਇਰਾ 15 ਤੋਂ 50 ਕਿਲੋਮੀਟਰ ਵਰਗ ਦਾ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਬ ਪਾਰਟੀ ਮੀਟਿੰਗ ਸੱਦੀ। ਇਹ ਮੀਟਿੰਗ ਦੇ ਸਬੰਧ ਵਿਚ ਪ੍ਰੈਸ ਕਾਨਫਰੰਸ ਸੱਦ ਕੇ ਸੀਐਮ ਚੰਨੀ ਨੇ ਕਿਹਾ ਕਿ ਇਹ ਮੀਟਿੰਗ ਬੇਹੱਦ ਸੁਖਾਵੇਂ ਮਾਹੌਲ ਵਿਚ ਹੋਈ। ਇਸ ਮੌਕੇ ਸਾਰੀਆਂ ਪਾਰਟੀਆਂ ਨੇ ਇਕ ਸਾਂਝਾ ਮਤਾ ਪਾਸ ਕੀਤਾ ਕਿ ਪੰਜਾਬ ਦੇ ਹਿੱਤਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਭਾਵੇਂ ਇਸ ਲਈ ਕੋਈ ਵੀ ਅਹੁਦਾ ਕੁਰਬਾਨ ਕਰਨਾ ਪਵੇ। ਇਸ ਵਿਚ ਸਾਰੀਆਂ ਪਾਰਟੀਆਂ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਬੀਐਸਐਫ ਦਾ ਦਾਇਰਾ ਵਧਾਉਣ ਦੇ ਨੋਟੀਫਿਕੇਸ਼ਨ ਅਤੇ 3 ਖੇਤੀ ਕਾਨੂੰਨਾਂ ਨੂੰ ਪੰਜਾਬ ਵਿਚ ਰੱਦ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇਗਾ। ਲੋਡ਼ ਪਈ ਤਾਂ ਸੱਤਿਆਗ੍ਰਹਿ ਵੀ ਕੀਤਾ ਜਾਵੇਗਾ ਅਤੇ ਸੁਪਰੀਮ ਕੋਰਟ ਦਾ ਵੀ ਦਰਵਾਜ਼ਾ ਖੜਕਾਇਆ ਜਾਵੇਗਾ।

ਚੰਨੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਸਿਰਫ਼ ਦੇਸ਼ ਦੀਆਂ ਸਰਹੱਦਾਂ ਦੀ ਫਿਕਰ ਕਰਨ। ਪੰਜਾਬ ਆਪਣੇ ਹਿੱਤਾਂ ਦੀ ਰਾਖੀ ਕਰਨਾ ਜਾਣਦਾ ਹੈ। ਸਰਕਾਰ ਕੋਲ ਹਰ ਵਸੀਲਾ ਹੈ, ਜਿਸ ਜ਼ਰੀਏ ਪੰਜਾਬ ਦੀ ਸਾਂਭ ਸੰਭਾਲ ਕੀਤੀ ਜਾ ਸਕਦੀ ਹੈ। ਇਸ ਲਈ ਕੇਂਦਰ ਬੀਐਸਐਫ ਦੀ ਆਡ਼ ਵਿਚ ਦਖਲਅੰਦਾਜ਼ੀ ਨਾ ਕਰੇ।ਇਸ ਪ੍ਰੈਸ ਕਾਨਫਰੰਸ ਮੌਕੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬੀਐਸਐਫ ਦਾ ਦਾਇਰਾ ਵਧਾਉਣ ਨਾਲ ਸੰਘੀ ਢਾਂਚੇ ਨੂੰ ਕਮਜ਼ੋਰ ਕੀਤਾ ਜਾ ਰਿਹੈ। ਕੇਂਦਰ ਆਪਣੇ ਨਿੱਜੀ ਸਵਾਰਥਾਂ ਲਈ ਬੀਐਸਐਫ ਦੀ ਵਰਤੋਂ ਕਰ ਰਹੀ ਹੈ। ਬੀਐਸਐਫ ਦੀ ਪਰਿਭਾਸ਼ਾ ਬਦਲੀ ਜਾ ਰਹੀ ਹੈ। ਹਮੇਸ਼ਾਂ ਅਜਿਹਾ ਕਿਉਂ ਹੁੰਦੈ ਕਿ ਚੋਣਾਂ ਆਉਣ ਤੋਂ ਪਹਿਲਾਂ ਹੀ ਸੂਬੇ ਦੇ ਮਾਹੌਲ ਖਰਾਬ ਹੋਣ ਦਾ ਜ਼ਿਕਰ ਕੀਤਾ ਜਾਂਦਾ ਹੈ। ਅੱਧਾ ਸੂਬਾ ਕੇਂਦਰ ਨੇ ਬੀਐਸਐਫ ਦੇ ਹੱਥਾਂ ਵਿਚ ਦੇ ਕੇ ਅਸਿੱਧੇ ਤੌਰ ’ਤੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਹੈ। ਇਸ ਪੰਜਾਬ ਅੰਦਰ ਦੂਜਾ ਸੂਬਾ ਬਣਾਉਣ ਦੀ ਕੇਂਦਰ ਦੀ ਕੋਝੀ ਸਾਜਿਸ਼ ਹੈ। ਪੰਜਾਬ ਦੇ ਹਿੱਤਾਂ ਲਈ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ ।

ਦੱਸ ਦੇਈਏ ਕਿ ਬੈਠਕ ‘ਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਸਮੇਤ ਕਈ ਹੋਰਨਾਂ ਪਾਰਟੀਆਂ ਦੇ ਆਗੂ ਸਾਮਲ ਹੋਏ ਹਨ। ਪੰਜਾਬ ਕਾਂਗਰਸ ਵੱਲੋਂ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਬੈਠਕ ‘ਚ ਪਹੁੰਚੇ। ਪੰਜਾਬ ਭਾਜਪਾ ਨੇ ਇਸ ਬੈਠਕ ਦਾ ਬਾਈਕਾਟ ਕੀਤਾ ਹੈ।

ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਡਿਪਟੀ ਸੀਐੱਮ ਸੁਖਜਿੰਦਰ ਰੰਧਾਵਾ ਵੀ ਆਲ ਪਾਰਟੀ ਬੈਠਕ ਲਈ ਪਹੁੰਚੇ। ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਵੀ ਪਹੁੰਚੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਡਾ. ਦਲਜੀਤ ਸਿੰਘ ਚੀਮਾ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਬੈਠਕ ‘ਚ ਹਿੱਸਾ ਲੈ ਰਹੇ ਹਨ।

ਦੂਸਰੇ ਪਾਸੇ, ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਪਹਿਲਾਂ ਬੀਐੱਸਐੱਫ ਕੋਲ 15 ਕਿੱਲੋਮੀਟਰ ਦਾ ਦਾਇਰਾ ਸੀ, ਉਦੋਂ ਤਕ ਕਿਸੇ ਵੀ ਸਰਕਾਰ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ। ਹੁਣ ਤਕ ਸਰਹੱਦ ਪਾਰੋਂ ਹਥਿਆਰ ਤੇ ਨਸ਼ਾ ਆ ਰਿਹਾ ਹੈ ਤੇ ਬੀਐੱਸਐੱਫ ਦਾ ਦਾਇਰਾ ਵਧਾਇਆ ਗਿਆ ਹੈ ਤਾਂ ਸਿਆਸੀ ਪਾਰਟੀਆਂ ਨੂੰ ਦਿੱਕਤ ਹੋ ਰਹੀ ਹੈ। ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਦੇਸ਼ ਦੀ ਸੁਰੱਖਿਆ ਸਬੰਧੀ ਸਿਆਸਤ ਨਹੀਂ ਹੋਣੀ ਚਾਹੀਦੀ। ਇਸ ਲਈ ਭਾਜਪਾ ਨੇ ਸਰਬਪਾਰਟੀ ਬੈਠਕ ਦਾ ਬਾਈਕਾਟ ਕੀਤਾ ਹੈ।

ਕਾਬਿਲੇਗੌਰ ਹੈ ਕਿ ਚੰਨੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਬੀਐੱਸਐੱਫ ਦੇ ਅਧਿਕਾਰ ਖੇਤਰ ਦੇ ਮੁੱਦੇ ’ਤੇ ਫ਼ੈਸਲਾ ਬਦਲਣ ਦੀ ਮੰਗ ਕੀਤੀ ਸੀ। ਇਹ ਵੀ ਕਿਹਾ ਸੀ ਕਿ ਕੇਂਦਰ ਸਰਕਾਰ ਸੰਘਵਾਦ ਦੀ ਭਾਵਨਾ ਨੂੰ ਕਮਜ਼ੋਰ ਕਰਨ ਤੇ ਸੰਵਿਧਾਨ ਦੇ ਸੰਘੀ ਢਾਂਚੇ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਤੇ ਫ਼ਾਜ਼ਿਲਕਾ ਦੇ ਕੁੱਲ ਖੇਤਰਫਲ ਦਾ 80 ਫ਼ੀਸਦੀ ਤੋਂ ਵੱਧ ਇਸੇ ਘੇਰੇ ’ਚ ਆਉਂਦਾ ਹੈ।ਸ਼ ਇਨ੍ਹਾਂ ਸਰਹੱਦੀ ਜ਼ਿਲ੍ਹਿਆਂ ਦਾ ਜ਼ਿਲ੍ਹਾ ਦਫ਼ਤਰ ਵੀ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ 50 ਕਿਲੋਮੀਟਰ ਦੇ ਘੇਰੇ ’ਚ ਹਨ।

Related posts

ਚੀਨ ਨੇ ਭਾਰਤ ਦੀ 1200 ਵਰਗ ਕਿਲੋਮੀਟਰ ਦੱਬੀ, ਮੋਦੀ ਕਿਉਂ ਨਹੀਂ ਬੋਲੇ ਇੱਕ ਵੀ ਸ਼ਬਦ? ਰਾਹੁਲ ਗਾਂਧੀ ਨੂੰ ਚੜ੍ਹਿਆ ਗੁੱਸਾ

On Punjab

ਕੀ ਕੋਰੋਨਾ ਦੀ ਚੇਨ ਤੋੜਨ ਲਈ ਪੂਰੇ ਦੇਸ਼ ‘ਚ ਲੱਗੇਗਾ ਲਾਕਡਾਊਨ? ਜਾਣੋ ਕੇਂਦਰ ਸਰਕਾਰ ਨੇ ਕੀ ਦਿੱਤਾ ਜਵਾਬ

On Punjab

ਕਾਂਗਰਸ ਦੇ ਮੋਦੀ ਸਰਕਾਰ ਨੂੰ ਤਿੰਨ ਸਵਾਲ, ਪੁੱਛਿਆ ਕੋਈ 500 ਰੁਪਏ ‘ਚ ਘਰ ਚਲਾ ਸਕਦਾ?

On Punjab