ਕਾਂਗਰਸ ਨੇ ਪੀਐੱਮ ਮੋਦੀ ’ਤੇ ਨਿਸ਼ਾਨਾ ਸਾਧਿਆ ਹੈ। ਮੋਦੀ ਨੇ ਲੋਕ ਸਭਾ ਤੇ ਰਾਜ ਸਭਾ ’ਚ ਧੰਨਵਾਦ ਮਤੇ ’ਤੇ ਚਰਚਾ ਦਾ ਜਵਾਬ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਪਾਰਟੀਆਂ ’ਤੇ ਤਿੱਖਾ ਨਿਸ਼ਾਨਾ ਸਾਧਿਆ। ਉੱਥੇ ਹੀ ਹੁਣ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਉਨ੍ਹਾਂ ’ਤੇ ਪਲਟਵਾਰ ਕੀਤਾ ਹੈ।
ਖੜਗੇ ਨੇ ਕਿਹਾ, ‘ਪ੍ਰਧਾਨ ਮੰਤਰੀ ਦਾ ਭਾਸ਼ਣ ਸਿਰਫ ਆਪਣੀ ਤਾਰੀਫ਼ ਵਿਚ ਸੀ। ਉਨ੍ਹਾਂ ਨੇ ਸਾਡੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਬੇਰੁਜ਼ਗਾਰੀ, ਮਹਿੰਗਾਈ, ਅਡਾਨੀ ਮੁੱਦੇ, ਨਿੱਜੀਕਰਨ ’ਤੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਕ ਆਦਮੀ ਦੇਸ਼ ਨੂੰ ਬਚਾ ਸਕਦਾ ਹੈ, ਉਹ ਸਾਰਿਆਂ ’ਤੇ ਭਾਰੀ ਪੈ ਰਿਹਾ ਹੈ। ਉਨ੍ਹਾਂ ਨੇ ਹੰਕਾਰ ਦੀ ਗੱਲ ਕੀਤੀ।
ਪੀਐੱਮ ਮੋਦੀ ਦੀ ਵਿਰੋਧੀਆਂ ਨੂੰ ਖ਼ਰੀਆਂ-ਖ਼ਰੀਆਂ
ਵੀਰਵਾਰ ਨੂੰ ਰਾਜ ਸਭਾ ’ਚ ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅਸਿੱਧੇ ਤੌਰ ’ਤੇ ਵਿਰੋਧੀ ਧਿਰ ਦੇ ਸ਼ੋਰ-ਸ਼ਰਾਬੇ ਨੂੰ ਬੁਖਲਾਹਟ ਕਰਾਰ ਦਿੰਦਿਆਂ ਕਿਹਾ ਕਿ ਪੂਰਾ ਦੇਸ ਦੇਖ ਰਿਹਾ ਹੈ ਕਿ ਇਕ ਇਕੱਲਾ ਹੀ ਕਈਆਂ ’ਤੇ ਭਾਰੀ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਜਿੰਨਾ ਚਿੱਕੜ ਸੁੱਟੋਗੇ, ਓਨਾ ਹੀ ਕਮਲ ਜ਼ਿਆਦਾ ਖਿੜੇਗਾ। ਉਨ੍ਹਾਂ ਅੱਗੇ ਕਿਹਾ ਕਿ 2047 ਤਕ ਵਿਕਸਤ ਭਾਰਤ ਬਣਾਉਣ ਦੇ ਸੰਕਲਪ ਵਿਚ 140 ਕਰੋੜ ਦੇਸ਼ ਵਾਸੀ ਉਨ੍ਹਾਂ ਦੇ ਨਾਲ ਹਨ।