ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦੇਸ਼ ਦੇ ਕਈ ਹਿੱਸਿਆਂ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ. ਜਿਸਦੇ ਚੱਲਦਿਆਂ ਸਰਕਾਰ ਵੱਲੋਂ ਲਗਾਤਾਰ ਹੀ ਕਿਹਾ ਜਾ ਰਿਹਾ ਹੈ ਕਿ ਇਸ ਕਾਨੂੰਨ ਤੋਂ ਭਾਰਤ ਵਿੱਚਰਹਿ ਰਹੇ ਮੁਸਲਮਾਨਾਂ ਨੂੰ ਕੋਈ ਖ਼ਤਰਾ ਨਹੀਂ ਹੈ । ਉੱਥੇ ਹੀ ਇਸੇ ਹੰਗਾਮੇ ਦੌਰਾਨ ਦਵਾਰਕਾ ਵਿੱਚ ਪਾਕਿਸਤਾਨ ਤੋਂ ਆਈ ਇੱਕ ਮੁਸਲਿਮ ਔਰਤ ਨੂੰ ਮੈਰਿਟ ਦੇ ਆਧਾਰ ’ਤੇ ਭਾਰਤ ਦੀ ਨਾਗਰਿਕਤਾ ਦਿੱਤੀ ਗਈ ਹੈ ।
ਦਰਅਸਲ, ਇਸ ਮੁਸਲਿਮ ਔਰਤ ਦਾ ਨਾਂਅ ਹਸੀਨਾ ਬੇਨ ਹੈ, ਜੋ ਪਾਕਿਸਤਾਨ ਤੋਂ ਭਾਰਤ ਆਈ ਹੈ । ਇਹ ਔਰਤ ਗੁਜਰਾਤ ਦੇ ਦਵਾਰਕਾ ਵਿੱਚ ਰਹਿਣ ਵਾਲੀ ਹੈ. ਇਸ ਔਰਤ ਨੂੰ ਉੱਥੋਂ ਦੇ ਕੁਲੈਕਟਰ ਵੱਲੋਂ ਭਾਰਤ ਦੀ ਨਾਗਰਿਕਤਾ ਦਾ ਸਰਟੀਫ਼ਿਕੇਟ ਦਿੱਤਾ ਗਿਆ ਹੈ । ਇਸ ਸਬੰਧੀ ਉਨ੍ਹਾਂ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ, ਜਿਸ ਵਿੱਚ ਹਸੀਨਾ ਬੇਨ ਨੂੰ ਭਾਰਤ ਦੀ ਨਾਗਰਿਕਤਾ ਦਾ ਸਰਟੀਫ਼ਿਕੇਟ ਲੈਂਦਿਆਂ ਦਿਖਾਇਆ ਗਿਆ ਹੈ ।
ਦੱਸ ਦੇਈਏ ਕਿ ਹਸੀਨਾ ਬੇਨ ਵੱਲੋਂ ਦੋ ਸਾਲ ਪਹਿਲਾਂ ਭਾਰਤ ਦੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਗਈ ਸੀ । ਮਿਲੀ ਜਾਣਕਾਰੀ ਅਨੁਸਾਰ ਹਸੀਨਾ ਬੇਨ ਭਾਰਤ ਦੀ ਹੀ ਰਹਿਣ ਹੈ ਤੇ 1999 ਵਿੱਚ ਇੱਕ ਪਾਕਿਸਤਾਨੀ ਵਿਅਕਤੀ ਨਾਲ ਵਿਆਹ ਤੋਂ ਬਾਅਦ ਉਹ ਦੇਸ਼ ਤੋਂ ਚਲੇ ਗਏ ਸਨ । ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਭਾਰਤ ਪਰਤ ਆਏ ਸਨ ।
ਜ਼ਿਕਰਯੋਗ ਹੈ ਉਨ੍ਹਾਂ ਵੱਲੋਂ ਦਿੱਤੀ ਅਰਜ਼ੀ ਦੇ ਚੱਲਦਿਆਂ ਉਨ੍ਹਾਂ ਨੂੰ 18 ਦਸੰਬਰ ਨੂੰ ਦਵਾਰਕਾ ਦੇ ਕੁਲੈਕਟਰ ਵੱਲੋਂ ਨਾਗਰਿਕਤਾ ਦਾ ਸਰਟੀਫ਼ਿਕੇਟ ਦਿੱਤਾ ਗਿਆ ਸੀ । ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੇ ਪ੍ਰਦਰਸ਼ਨ ਦੇ ਚੱਲਦਿਆਂ ਕੇਂਦਰ ਸਰਕਾਰ ਵਾਰ–ਵਾਰ ਇਹ ਆਖ ਰਹੀ ਹੈ ਕਿ ਇਸ ਕਾਨੂੰਨ ਤੋਂ ਦੇਸ਼ ਵਿੱਚ ਰਹਿਣ ਵਾਲੇ ਕਿਸੇ ਵੀ ਮੁਸਲਮਾਨ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ।