UP Internet services suspended: ਲਖਨਊ: ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪੂਰੇ ਦੇਸ਼ ਵਿੱਚ ਬਹੁਤ ਜ਼ਿਆਦਾ ਬਵਾਲ ਹੋ ਰਿਹਾ ਹੈ । ਇਸ ਕਾਨੂੰਨ ਖਿਲਾਫ਼ ਉੱਤਰ ਪ੍ਰਦੇਸ਼ ਵਿੱਚ ਵੀ ਹਿੰਸਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ । ਜਿਸਨੂੰ ਦੇਖਦੇ ਹੋਏ ਹਰ ਹਿੱਸੇ ਵਿੱਚ ਪੁਲਿਸ ਪ੍ਰਸ਼ਾਸਨ ਤਾਇਨਾਤ ਕੀਤਾ ਗਿਆ ਹੈ । ਜਿਸਦੇ ਚੱਲਦਿਆਂ ਉੱਤਰ ਪ੍ਰਦੇਸ਼ ਵਿੱਚ ਐਤਵਾਰ ਨੂੰ ਇੰਟਰਨੈੱਟ ਸਰਵਿਸ ਬੰਦ ਕਰ ਦਿੱਤੀ ਗਈ ਹੈ ।
ਜਿਸ ਕਾਰਨ ਉੱਤਰ ਪ੍ਰਦੇਸ਼ ਦੇ 21 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸਰਵਿਸ ਸੋਮਵਾਰ ਤੱਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ । ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿੱਚ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ । ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਲਗਭਗ 11 ਲੋਕਾਂ ਦੀ ਮੌਤ ਹੋਈ ਹੈ ।
ਇਸ ਮਾਮਲੇ ਵਿੱਚ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਹੁਣ ਤੱਕ ਲਗਭਗ 3,000 ਤੋਂ ਵੱਧ ਲੋਕਾਂ ‘ਤੇ ਕੇਸ ਦਰਜ ਕੀਤੇ ਗਏ ਹਨ । ਜਿਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਜ਼ਿਆਦਾ ਹਿੰਸਕ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਕੂਲ-ਕਾਲਜ ਬੰਦ ਕੀਤੇ ਗਏ ਹਨ ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਰਾਤ 12 ਵਜੇ ਤੱਕ ਇੰਟਰਨੈੱਟ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਸਨ, ਪਰ ਸਥਿਤੀਆਂ ਨੂੰ ਦੇਖਦੇ ਹੋਏ ਕੁਝ ਥਾਵਾਂ ‘ਤੇ ਇਸ ਦੀ ਮਿਆਦ ਵਧਾ ਦਿੱਤੀ ਗਈ ਹੈ ।