ਉੱਤਰੀ ਅਟਲਾਂਟਿਕ ਸੰਧੀ ਸੰਗਠਨ ਯਾਨੀ NATO ਵਿੱਚ ਕੁੱਲ 32 ਮੈਂਬਰ ਦੇਸ਼ ਹਨ। ਉਨ੍ਹਾਂ ਦਾ ਇਕ ਮੈਂਬਰ ਦੇਸ਼ ਪਿਛਲੇ ਕਈ ਸਾਲਾਂ ਤੋਂ ਦੂਜੇ ਮੈਂਬਰਾਂ ਦੇ ਨਿਸ਼ਾਨੇ ‘ਤੇ ਹੈ। ਅਸੀਂ ਗੱਲ ਕਰ ਰਹੇ ਹਾਂ ਕੈਨੇਡਾ ਦੀ। ਪਿਛਲੇ ਕਈ ਸਾਲਾਂ ਤੋਂ ਕੈਨੇਡਾ 32 ਮੈਂਬਰੀ ਗਠਜੋੜ ਵਿਚ ਇਕ ਅਲੱਗ-ਥਲੱਗ ਦੇਸ਼ ਬਣ ਗਿਆ ਹੈ।
ਕੈਨੇਡਾ ਘਰੇਲੂ ਫੌਜੀ ਖਰਚਿਆਂ ਦੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ ਹੈ, ਅਤੇ ਨਵੇਂ ਹਥਿਆਰਾਂ ਲਈ ਫੰਡ ਜੁਟਾਉਣ ਵਿੱਚ ਵੀ ਪਛੜ ਰਿਹਾ ਹੈ। ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੀ ਮੇਜ਼ਬਾਨੀ ‘ਚ NATO ਸੰਮੇਲਨ ਵਿੱਚ ਅਮਰੀਕਾ ਦੀ ਇਕ ਪ੍ਰਮੁੱਖ ਮੀਡੀਆ ਸੰਸਥਾ ਨੇ ਕਿਹਾ ਕਿ ਕੈਨੇਡਾ ਇਸ 32 ਮੈਂਬਰੀ ਫੌਜੀ ਗਠਜੋੜ ‘ਚ ਸਭ ਤੋਂ ਘੱਟ ਯੋਗਦਾਨ ਦੇਣ ਵਾਲੇ ਦੇਸ਼ਾਂ ‘ਚੋਂ ਇਕ ਬਣ ਗਿਆ ਹੈ।
ਇੱਕ ਪ੍ਰਮੁੱਖ ਅਮਰੀਕੀ ਮੀਡੀਆ ਸੰਸਥਾ ਪੋਲੀਟਿਕੋ ਨੇ ਕਿਹਾ, “ਪਿਛਲੇ ਕਈ ਸਾਲਾਂ ਵਿੱਚ, ਔਟਵਾ 32 ਮੈਂਬਰੀ ਗਠਜੋੜ ਵਿੱਚ ਸਭ ਤੋਂ ਘੱਟ ਯੋਗਦਾਨ ਪਾਉਣ ਵਾਲੇ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ। ਇਹ ਘਰੇਲੂ ਫੌਜੀ ਖਰਚਿਆਂ ਦੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ ਹੈ, ਨਵੇਂ ਸਾਜ਼ੋ-ਸਾਮਾਨ ਖਰੀਦਣ ਵਿੱਚ ਅਸਫਲ ਰਿਹਾ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਸਾਲ ਦੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਵਾਸ਼ਿੰਗਟਨ ਪਹੁੰਚ ਗਏ ਹਨ, ਜੋ ਮੰਗਲਵਾਰ ਨੂੰ ਰਸਮੀ ਤੌਰ ‘ਤੇ ਸ਼ੁਰੂ ਹੋਵੇਗਾ। ਟਰੂਡੋ ਦੇ ਦਫ਼ਤਰ ਨੇ ਕਿਹਾ ਕਿ ਇੱਥੇ ਮੀਟਿੰਗਾਂ ਦੌਰਾਨ ਉਹ ਪੂਰੇ ਯੂਰਪ ਵਿੱਚ ਨਾਟੋ ਦੇ ਸਮੂਹਿਕ ਰੱਖਿਆ ਯਤਨਾਂ ਵਿੱਚ ਕੈਨੇਡਾ ਦੇ ਯੋਗਦਾਨ ਨੂੰ ਉਜਾਗਰ ਕਰਨਗੇ।
ਪੋਲੀਟਿਕੋ ਨੇ ਕਿਹਾ ਕਿ ਕੈਨੇਡਾ ਨੇ 2014 ਵਿੱਚ ਆਪਣੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 2 ਫੀਸਦੀ ਰੱਖਿਆ ‘ਤੇ ਖਰਚ ਕਰਨ ਦੇ ਵਾਅਦੇ ‘ਤੇ ਹਸਤਾਖਰ ਕੀਤੇ ਸਨ। ਨਾਟੋ ਦੇ ਮੈਂਬਰ ਇਸ ਟੀਚੇ ਨੂੰ ਹਾਸਲ ਕਰਨ ਲਈ ਹੌਲੀ-ਹੌਲੀ ਤਰੱਕੀ ਕਰ ਰਹੇ ਹਨ ਪਰ ਇਸ ਸਾਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਯੋਜਨਾਵਾਂ ਕਾਰਨ ਗਠਜੋੜ ਦੀ ਪੂਰਬੀ ਸਰਹੱਦ ‘ਤੇ ਵਧਦੇ ਖ਼ਤਰੇ ਦੇ ਮੱਦੇਨਜ਼ਰ 32 ‘ਚੋਂ 23 ਨਾਟੋ ਮੈਂਬਰ ਇਸ ਟੀਚੇ ਨੂੰ ਹਾਸਲ ਕਰਨਗੇ।