ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਸਰਕਾਰ ਸਿੱਖਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਤਿਆਰ ਹੈ। ਉਨ੍ਹਾਂ ਦੇ ਐਲਾਨ ਦੌਰਾਨ ਭੀੜ ਵੱਲੋਂ ਜ਼ੋਰਦਾਰ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ। ਟਰੂਡੋ ਨੇ ਦੇਸ਼ ਦੇ ਸਿੱਖਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਹਰ ਕੀਮਤ ‘ਤੇ ਉਨ੍ਹਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਮੌਜੂਦ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਵਿਭਿੰਨਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਪ੍ਰਧਾਨ ਮੰਤਰੀ ਨੇ ਟੋਰਾਂਟੋ ਵਿੱਚ ਖਾਲਸਾ ਦਿਵਸ ਸਮਾਰੋਹ ਦੌਰਾਨ ਕਿਹਾ, ‘ਇਸ ਦੇਸ਼ ਵਿੱਚ ਸਿੱਖ ਵਿਰਾਸਤ ਦੇ ਲਗਪਗ 800000 ਕੈਨੇਡੀਅਨਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਮੌਜੂਦ ਰਹਾਂਗੇ ਤੇ ਅਸੀਂ ਹਮੇਸ਼ਾ ਨਫ਼ਰਤ ਤੇ ਵਿਤਕਰੇ ਦੇ ਵਿਰੁੱਧ ਤੁਹਾਡੇ ਭਾਈਚਾਰੇ ਦੀ ਰੱਖਿਆ ਕਰਾਂਗੇ।’
ਦਰਅਸਲ ਟੋਰਾਂਟੋ ਵਿੱਚ ਸਭ ਤੋਂ ਵੱਡੇ ਸਾਲਾਨਾ ਸਮਾਗਮਾਂ ਵਿੱਚੋਂ ਇੱਕ ਖਾਲਸਾ ਡੇਅ ਲਈ ਐਤਵਾਰ ਨੂੰ ਹਜ਼ਾਰਾਂ ਲੋਕ ਇਕੱਠੇ ਹੋਏ। ਓਂਟਾਰੀਓ ਸਿੱਖ ਤੇ ਗੁਰਦੁਆਰਾ ਕੌਂਸਲ ਅਨੁਸਾਰ ਇਹ ਖਾਲਸਾ ਡੇਅ ਤੇ ਸਿੱਖ ਨਵੇਂ ਸਾਲ ਮੌਕੇ ਇਹ ਸਮਾਗਮ ਕਰਵਾਇਆ ਜਾਂਦਾ ਹੈ। ਇਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸ਼ਿਰਕਤ ਕੀਤੀ।
ਇਸ ਦੌਰਾਨ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ। ਜਸਟਿਨ ਟਰੂਡੋ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਨਾਲ ਕੀਤੀ। ਇਸ ਦੌਰਾਨ ਉਨ੍ਹਾਂ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਦੇ ਭਾਸ਼ਣ ਦੌਰਾਨ ਕੈਨੇਡਾ ਵਿੱਚ ਖਾਲਿਸਤਾਨ ਸਮਰਥਕਾਂ ਦਾ ਪ੍ਰਭਾਵ ਦੇਖਣ ਨੂੰ ਮਿਲਿਆ।