Captain criticized attack on : ਅੱਜ ਪਟਿਆਲਾ ਵਿਖੇ ਸਨੌਰ ‘ਚ ਨਾਕੇ ‘ਤੇ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ‘ਤੇ ਹੋਏ ਹਮਲੇ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਸਭ ਤੋਂ ਜ਼ਿਆਦਾ ਦੁੱਖ ਦੀ ਗੱਲ ਇਹ ਹੈ ਕਿ ਇਸ ਹਮਲੇ ਵਿੱਚ ਇੱਕ ਏਐੱਸਆਈ ਦਾ ਹੱਥ ਵੱਢਿਆ ਗਿਆ ਅਤੇ ਛੇ ਹੋਰ ਪੁਲਿਸ ਮੁਲਾਜ਼ਮ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕਰਕੇ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਉਥੇ ਹੀ ਕੈਪਟਨ ਨੇ ਕਿਹਾ ਕਿ ਕੋਈ ਵੀ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਭੰਗ ਕਰੇ, ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਪੁਲਿਸ ਨੂੰ ਪੂਰੀਆਂ ਹਦਾਇਤਾਂ ਦਿੱਤੀਆਂ ਹਨ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ‘ਤੇ ਪੂਰੀ ਸਖਤੀ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਏਐੱਸਆਈ ਬਿੱਕਰ ਸਿੰਘ ਦੀ ਅਗਵਾਈ ਵਾਲੀ ਨਾਕਾ ਪਾਰਟੀ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਪੇਸ਼ੇਵਰ ਤਰੀਕੇ ਨਾਲ ਇਸ ਸਾਰੇ ਮਸਲੇ ਨੂੰ ਸੰਭਾਲਿਆ। ਉਥੇ ਹੀ ਕੈਪਟਨ ਨੇ ਕਿਹਾ ਕਿ ਜ਼ਖ਼ਮੀ ਏਐੱਸਆਈ ਹਰਜੀਤ ਸਿੰਘ ਦੀ ਪੀਜੀਆਈ ਚੰਡੀਗੜ੍ਹ ਵਿਖੇ ਪਲਾਸਟਿਕ ਸਰਜਰੀ ਚੱਲ ਰਹੀ ਹੈ। ਉਹ ਉਨ੍ਹਾਂ ਦੀ ਸਰਜਰੀ ਦੀ ਸਫਲਤਾ ਤੇ ਉਨ੍ਹਾਂ ਦੀ ਸਿਹਤਮੰਦ ਹੋਣ ਦੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ।
ਦੱਸਣਯੋਗ ਹੈ ਕਿ ਦੀ ਸਬਜ਼ੀ ਮੰਡੀ ’ਚ ਅੱਜ ਸਵੇਰੇ ਨਿਹੰਗਾਂ ਨੇ ਕਥਿਤ ਤੌਰ ’ਤੇ ਪੁਲਿਸ ਦੀ ਇੱਕ ਟੀਮ ਤੇ ਮੰਡੀ ਬੋਰਡ ਦੇ ਇੱਕ ਅਧਿਕਾਰੀ ’ਤੇ ਹਮਲਾ ਬੋਲ ਦਿੱਤਾ ਸੀ। ਇਸ ਹਮਲੇ ’ਚ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਹੈ। ਪੁਲਿਸ ਨੇ ਬਲਬੇੜਾ ਪਿੰਡ ਦੇ ਗੁਰਦੁਆਰਾ ਸਾਹਿਬ ‘ਚੋਂ ਬਾਹਰ ਨਿੱਕਲਦਿਆਂ ਹੀ ਸੱਤ ਨਿਹੰਗਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਖਮੀ ASI ਨੂੰ ਤੁਰੰਤ ਸਰਕਾਰੀ ਮੈਡੀਕਲ ਕਾਲਜ ਲਿਜਾਂਦਾ ਗਿਆ ਪਰ ਉੱਥੋਂ ਉਸ ਨੂੰ ਤੁਰੰਤ ਪੀਜੀਆਈ–ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ।