Direct Flights : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਹੁਣ ਲਖਨਊ ਅਤੇ ਪਟਨਾ ਲਈ ਵੀ ਫਲਾਈਟ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ ਇਤਿਹਾਸਕ ਸ਼ਹਿਰ ਪਟਨਾ ਅਤੇ ਨਵਾਬਾਂ ਦੇ ਸ਼ਹਿਰ ਲਖਨਊ ਲਈ ਦੋ ਨਵੀਆਂ ਸਿੱਧੀਆਂ ਉਡਾਨਾਂ ਸ਼ੁਰੂ ਹੋ ਗਈਆਂ। ਪਹਿਲੇ ਦਿਨ ਇੰਡਿਗੋ ਦੀ 180 ਮੁਸਾਫਰਾਂ ਦੀ ਸਮਰੱਥਾ ਵਾਲੀ ਏਅਰਬੱਸ 320 ਨੇ ਚੰਡੀਗੜ੍ਹ ਤੋਂ ਪਟਨਾ ਲਈ 126 ਮੁਸਾਫਰਾਂ ਨਾਲ ਉਡਾਨ ਭਰੀ, ਜਦਕਿ ਲਖਨਊ ਲਈ 177 ਮੁਸਾਫਰਾਂ ਨਾਲ ਦੋ ਵਜੇ ਉਡਾਨ ਭਰੀ। ਪਟਨਾ ਦੀ ਫਲਾਈਟ ਦਾ ਸਮਾਂ ਸਵੇਰੇ 6 ਵਜ ਕੇ 10 ਮਿੰਟ ਦਾ ਹੈ। ਦੋਵੇਂ ਥਾਵਾਂ ਲਈ ਕਿਰਾਇਆ 3800 ਰੁਪਏ ਰਖਿਆ ਗਿਆ ਹੈ।
ਇਨ੍ਹਾਂ ਦੋਹਾਂ ਉਡਾਨਾਂ ਨਾਲ ਇੰਡੀਗੋ ਹੁਣ ਚੰਡੀਗੜ੍ਹ ਤੋਂ 15 ਉਡਾਨਾਂ ਦਾ ਸੰਚਾਲਨ ਕਰ ਰਹੀ ਹੈ। ਚੰਡੀਗੜ੍ਹ ਏਅਰਪੋਰਟ ਇਨ੍ਹਾਂ ਨਵੀਆਂ ਉਡਾਨਾਂ ਦੇ ਨਾਲ ਹੁਣ ਸਿੱਧੇ ਤੌਰ ’ਤੇ 18 ਮੰਜ਼ਿਲਾਂ ਨਾਲ ਜੁੜ ਗਿਆ ਹੈ। ਜਨਵਰੀ ਮਹੀਨੇ ਤਕ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ 31 ਉਡਾਨਾਂ ਕਈ ਮੰਜ਼ਿਲਾਂ ਲਈ ਸਨ। ਹੁਣ ਇਨ੍ਹਾਂ ਉਡਾਨਾਂ ਦੀ ਗਿਣਤੀ ਵਧ ਕੇ 42 ਹੋ ਗਈ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਉੱਡਣ ਵਾਲੀਆਂ ਫਲਾਈਟਾਂ ਵਿਚ ਇਕ ਫਰਵਰੀ ਤੋਂ ਪੰਜ ਮਾਰਚ ਤਕ 35 ਫੀਸਦੀ ਦਾ ਵਾਧਾ ਹੋਇਆ ਹੈ। ਦੱਸ ਦੇਈਏ ਕਿ ਪਿਛਲੇ ਲੰਬੇ ਸਮੇਂ ਤੋਂ ਟ੍ਰਾਈਸਿਟੀ ਦੇ ਲੋਕ ਸੱਚਖੰਡ ਸ੍ਰੀ ਪਟਨਾ ਸਾਹਿਬ ’ਚ ਦਰਸ਼ਨ ਲਈ ਫਲਾਈਟ ਸ਼ਰੂ ਹੋਣ ਦੀ ਮੰਗ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਏਅਰਪੋਰਟ ਅਥਾਰਿਟੀ ਨੇ ਹਾਈਕੋਰਟ ਵਿਚ ਦਿੱਤੇ ਹਲਫਨਾਮੇ ਵਿਚ ਕਿਹਾ ਸੀ ਕਿ ਮਾਰਚ 2020 ਤੱਕ ਏਅਰਪੋਰਟ ਤੋਂ 60 ਤੋਂ ਵੱਧ ਘਰੇਲੂ ਉਡਾਨਾਂ ਸ਼ੁਰੂ ਹੋ ਜਾਣਗੀਆਂ। ਹਾਈਕੋਰਟ ਨੇ ਐਮਿਕਸ ਕਿਊਰੀ ਸੀਨੀਅਰ ਐਡਵੋਕੇਟ ਐੱਮਐੱਲ ਸਰੀਨ ਨੂੰ ਕਿਹਾ ਸੀ ਕਿ ਉਹ ਏਅਰਪੋਰਟ ਤੋਂ ਕੌਮਾਂਤਰੀ ਉਡਾਨਾਂ ਦੀ ਸ਼ੁਰੂਆਤ ਜਾਂ ਸਬੰਧਤ ਮੁੱਦਿਆਂ ’ਤੇ ਆਪਣੀ ਵੱਖਰੀ ਰਿਪੋਰਟ ਅਦਾਲਤ ਨੂੰ ਦੇ ਸਕਦੇ ਹਨ।