ਚੀਨ ਨੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਆਪਣੇ ਸਦਾਬਹਾਰ ਦੋਸਤ ਪਾਕਿਸਤਾਨ ਨੂੰ 2.4 ਅਰਬ ਡਾਲਰ ਦਾ ਕਰਜ਼ਾ ਚੁਕਾਉਣ ’ਚ ਦੋ ਸਾਲਾਂ ਲਈ ਛੋਟ ਦਿੱਤੀ ਹੈ। ਇਸ ਛੋਟ ਨਾਲ ਪਾਕਿਸਤਾਨ ਨੂੰ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਮਜ਼ਬੂਤ ਕਰਨ ’ਚ ਮਦਦ ਮਿਲ ਸਕੇਗੀ। ਵਿੱਤ ਮੰਤਰੀ ਇਸ਼ਾਕ ਡਾਰ ਨੇ ਵੀਰਵਾਰ ਨੂੰ ਇਕ ਟਵਿੱਟਰ ਪੋਸਟ ’ਚ ਇਸ ਦੀ ਜਾਣਕਾਰੀ ਦਿੱਤੀ।
ਵਿੱਤ ਮੰਤਰੀ ਨੇ ਕਿਹਾ ਹੈ, ‘ਚੀਨੀ ਐਗਜ਼ਿਮ ਬੈਂਕ ਨੇ ਦੋ ਸਾਲਾਂ ਲਈ ਕੁੱਲ 2.4 ਅਰਬ ਡਾਲਰ ਦਾ ਮੂਲਧਨ ਚੁਕਾਉਣ ’ਚ ਰਾਹਤ ਦਿੱਤੀ ਹੈ। ਪਾਕਿਸਤਾਨ ਨੂੰ ਵਿੱਤੀ ਸਾਲ 2023-24 ’ਚ 1.2 ਅਰਬ ਡਾਲਰ ਤੇ ਵਿੱਤੀ ਸਾਲ 2024-25 ’ਚ 1.2 ਅਰਬ ਡਾਲਰ ਚੁਕਾਉਣੇ ਸਨ। ਪਾਕਿਸਤਾਨ ਇਨ੍ਹਾਂ ਦੋ ਸਾਲਾਂ ’ਚ ਹੁਣ ਸਿਰਫ਼ ਵਿਆਜ ਦਾ ਭੁਗਤਾਨ ਕਰੇਗਾ।’ ਇਸ ਤੋਂ ਇਕ ਹਫ਼ਤਾ ਪਹਿਲਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਖ਼ਸਤਾ ਅਰਥਚਾਰੇ ਦੀ ਮਦਦ ਲਈ 60 ਕਰੋੜ ਡਾਲਰ ਦਾ ਕਰਜ਼ਾ ਦਿੱਤਾ ਗਿਆ ਹੈ।