ਅਮਰੀਕਾ ਆਪਣੇ ਕੌਮਾਂਤਰੀ ਸਹਿਯੋਗੀਆਂ ਨਾਲ ਰਲ ਕੇ ਚੀਨ ‘ਤੇ ਕੋਰੋਨਾ ਦੀ ਉਤਪਤੀ ਨੂੰ ਲੈ ਕੇ ਪਾਰਦਰਸ਼ਿਤਾ ਵਰਤਣ ਤੇ ਸਹੀ ਸੂਚਨਾ ਦੇਣ ਲਈ ਦਬਾਅ ਪਾਉਂਦਾ ਰਹੇਗਾ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਨੇ ਕਿਹਾ ਕਿ ਇਸ ਨਾਲ ਹੀ ਅਸੀਂ ਆਪਣੀ ਜਾਂਚ ਪ੍ਰਕਿਰਿਆ ਵੀ ਜਾਰੀ ਰੱਖਾਂਗੇ। ਵ੍ਹਾਈਟ ਹਾਊਸ ‘ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੁਲਿਵਨ ਨੇ ਕਿਹਾ, ਅਸੀਂ ਆਪਣੇ ਕੌਮਾਂਤਰੀ ਸਹਿਯੋਗੀਆਂ ਨਾਲ ਚੀਨ ‘ਤੇ ਪਾਰਦਰਸ਼ਿਤਾ ਵਰਤਣ ਲਈ ਦਬਾਅ ਪਾਉਂਦੇ ਰਹਾਂਗੇ। ਚੀਨ ਨੇ ਜੋ ਕਿਹਾ ਹੈ ਕਿ ਉਹ ਇਸ ਪ੍ਰਕਿਰਿਆ ‘ਚ ਵੀ ਸ਼ਾਮਲ ਨਹੀਂ ਹੋਵੇਗਾ, ਉਸ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ ਦੌਰਾਨ ਕੌਮਾਂਤਰੀ ਆਗੂਆਂ ਦੇ ਨਾਲ ਇਸ ਮੁੱਦੇ ‘ਤੇ ਵੀ ਗੱਲਬਾਤ ਕਰਨਗੇ।
ਇਸ ਦੌਰਾਨ, ਅਮਰੀਕੀ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਸੰਸਦ ਮੈਂਬਰਾਂ ਦੀ ਬੈਠਕ ‘ਚ ਕਿਹਾ ਕਿ ਕੋਰੋਨਾ ਵਾਇਰਸ ਦੀ ਉਤਪਤੀ ਦੇ ਵਸੀਲੇ ਹੋ ਸਕਦੇ ਹਨ। ਪਹਿਲਾ ਇਹ ਕਿ ਇਸ ਦਾ ਨਿਰਮਾਣ ਲੈਬਾਂ ‘ਚ ਕੀਤਾ ਗਿਆ ਹੋ ਸਕਦਾ ਹੈ। ਦੂਜਾ, ਇਸ ਦੀ ਉਤਪਤੀ ਕੁਦਰਤੀ ਰੂਪ ਨਾਲ ਵੀ ਹੋ ਸਕਦੀ ਹੈ। ਵਿਦੇਸ਼ੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਸਟੀਵ ਕੈਬਟ ਦੇ ਇਕ ਸਵਾਲ ਦੇ ਜਵਾਬ ‘ਚ ਬਲਿੰਕਨ ਨੇ ਕਿਹਾ ਕਿ ਰਾਸ਼ਟਰਪਤੀ ਬਾਇਡਨ ਨੇ ਇਸ ਮਾਮਲੇ ‘ਚ ਵਿਸਥਾਰਤ ਜਾਂਚ ਦੇ ਆਦੇਸ਼ ਦਿੱਤੇ ਹਨ।
ਜੀ-7, ਨਾਟੋ ਦੀਆਂ ਬੈਠਕਾਂ ‘ਚ ਹਿੱਸਾ ਲੈਣਗੇ ਬਾਇਡਨ
ਸੁਲਿਵਨ ਨੇ ਕਿਹਾ ਕਿ ਰਾਸ਼ਟਰਪਤੀ ਬਾਇਡਨ ਬੁੱਧਵਾਰ ਨੂੰ ਬਰਤਾਨੀਆ ਦੀ ਯਾਤਰਾ ‘ਤੇ ਰਵਾਨਾ ਹੋਣਗੇ। ਇਸ ਤੋਂ ਬਾਅਦ ਉਹ ਬਰੱਸਲਜ਼ ਤੇ ਜਨੇਵਾ ਵੀ ਜਾਣਗੇ। ਆਪਣੀ ਇਸ ਯਾਤਰਾ ਦੌਰਾਨ ਉਹ ਜੀ-7 ਤੇ ਨਾਟੋ ਦੀਆਂ ਬੈਠਕਾਂ ‘ਚ ਹਿੱਸਾ ਲੈਣ ਦੇ ਇਲਾਵਾ ਵਿਸ਼ਵ ਆਗੂਆਂ ਨਾਲ ਗੱਲਬਾਤ ਵੀ ਕਰਨਗੇ। ਬੈਠਕਾਂ ਦੌਰਾਨ ਕੋਰੋਨਾ ਮਹਾਮਾਰੀ ਦਾ ਅਸਰ, ਸੁਰੱਖਿਆ ਚੁਣੌਤੀਆਂ ਤੇ ਅਫ਼ਗਾਨਿਸਤਾਨ ਤੋਂ ਫ਼ੌਜੀਆਂ ਦੀ ਵਾਪਸੀ ਵਰਗੇ ਮੁੱਦਿਆਂ ‘ਤੇ ਚਰਚਾ ਹੋਵੇਗੀ। ਸੁਲਿਵਨ ਨੇ ਕਿਹਾ, ਸਾਡਾ ਮੰਨਣਾ ਹੈ ਕਿ ਰਾਸ਼ਟਰਪਤੀ ਦੀ ਇਹ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਦੇਸ਼ ‘ਚ ਹਾਲਾਤ ਬਿਹਤਰ ਹੋ ਰਹੇ ਹਨ।
ਅਫ਼ਗਾਨਿਸਤਾਨ ਮੁੱਦੇ ‘ਤੇ ਪਾਕਿ ਨਾਲ ਰਚਨਾਤਮਕ ਗੱਲਬਾਤ ਹੋਈ
ਸੁਲਿਵਨ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਜਨੇਵਾ ‘ਚ ਹੋਣ ਵਾਲੀ ਰਾਸ਼ਟਰਪਤੀ ਬਾਇਡਨ ਦੀ ਸਿਖਰ ਬੈਠਕ ਦਾ ਮਕਸਦ ਰੂਸ ਨੂੰ ਅਮਰੀਕਾ ਦੇ ਵਿਚਾਰਾਂ ਤੋਂ ਜਾਣੂ ਕਰਵਾਉਣਾ ਹੈ। ਬਾਇਡਨ ਤੇ ਪੁਤਿਨ ਦੀ ਇਹ ਬੈਠਕ 16 ਜੂਨ ਨੂੰ ਹੋਣ ਵਾਲੀ ਹੈ। ਸੁਲਿਵਨ ਨੇ ਕਿਹਾ ਕਿ ਜੇ ਤੁਸੀਂ ਗੱਲਬਾਤ ਨਾਲ ਕਿਸੇ ਮਹੱਤਵਪੂਰਨ ਉਪਲੱਬਧੀ ਦਾ ਅੰਦਾਜ਼ਾ ਲਾਉਂਦੇ ਹਨ ਤਾਂ ਇਸ ਲਈ ਤੁਹਾਨੂੰ ਲੰਬਾ ਇੰਤਜ਼ਾਰ ਕਰਨਾ ਪਵੇਗਾ। ਇਸ ਲਈ ਸਿਖਰ ਬੈਠਕ ਬਾਰੇ ਇਹ ਸੋਚਣ ਦੀ ਲੋੜ ਹੈ ਕਿ ਇਸ ‘ਚ ਆਪਸੀ ਵਿਚਾਰਾਂ ਨਾਲ ਜਾਣੂ ਕਰਵਾਇਆ ਜਾਵੇਗਾ।