ਕੈਨੇਡਾ ਅਤੇ ਚੀਨ ਵਿਚਕਾਰ ਵਧਦੇ ਤਣਾਅ ਵਿਚਕਾਰ ਚੀਨੀ ਸਿਆਸਤਦਾਨ ਦੇ ਬਿਆਨ ਨੇ ਅੱਗ ਵਿਚ ਘਿਓ ਦਾ ਕੰਮ ਕੀਤਾ ਹੈ। ਬ੍ਰਾਜ਼ੀਲ ਦੇ ਰਿਓ ਡੀ ਜਿਨੇਰਿਓ ਵਿਚ ਮਹਾਵਣਜ ਦੂਤ ਲੀ ਯਾਂਗ ਨੇ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਲਈ ਜਿਨ੍ਹਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ, ਉਨ੍ਹਾਂ ’ਤੇ ਸਿਆਸਤ ਭੱਖ ਗਈ ਹੈ। ਲੀ ਯਾਂਗ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਟਰੂਡੋ ਨੇ ਕੈਨੇਡਾ ਨੂੰ ਅਮਰੀਕਾ ਪਿਛੇ ਭੱਜਣ ਵਾਲਾ ਕੁੱਤਾ ਬਣਾ ਦਿੱਤਾ ਹੈ। ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਕੜਵਾਹਟ ਆ ਗਈ ਹੈ।
ਲੀ ਯਾਂਗ ਨੇ ਐਤਵਾਰ ਨੂੰ ਕੀਤੀ ਆਪਣੀ ਟਵੀਟ ਵਿਚ ਕਿਹਾ,‘ ਬੱਚੇ ਜਸਟਿਨ ਟਰੂਡੋ, ਤੇਰੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਤੂੰ ਚੀਨ ਅਤੇ ਕੈਨੇਡਾ ਦੇ ਰਿਸ਼ਤੇ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਕੈਨੇਡਾ ਨੂੰ ਅਮਰੀਕਾ ਪਿਛੇ ਦੌੜਨ ਵਾਲਾ ਕੁੱਤਾ ਬਣਾ ਦਿੱਤਾ ਹੈ।’
ਜਾਣਕਾਰਾਂ ਮੁਤਾਬਕ ਚੀਨ ਵਿਚ ਸਿਆਸਤਦਾਨਾਂ ’ਤੇ ਬਹੁਤ ਜ਼ਿਆਦਾ ਕੰਟਰੋਲ ਹੁੰਦਾ ਹੈ। ਇਸ ਲਈ ਯਾਂਗ ਦਾ ਬਿਆਨ ਨਿਸ਼ਚਿਤ ਤੌਰ ’ਤੇ ਚੀਨ ਦੀ ਕਮਿਊਨਿਸਟ ਸਰਕਾਰ ਦੀ ਸੋਚ ਨੂੰ ਦਰਸਾਉਂਦਾ ਹੈ। ਬਿਨਾ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਇਜਾਜ਼ਤ ਦੇ ਕਿਸੇ ਸਿਆਸਤਦਾਨ ਦਾ ਏਨਾ ਵਿਵਾਦਤ ਬਿਆਨ ਦੇਣਾ ਮੁਸ਼ਕਲ ਹੈ।