ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (CISF) ਦੀ ਜਲਦੀ ਹੀ ਗਠਿਤ ਹੋਣ ਵਾਲੀ ਮਹਿਲਾ ਬਟਾਲੀਅਨ ਹਵਾਈ ਅੱਡਿਆਂ ਅਤੇ ਮੈਟਰੋ ਰੇਲ ਵਰਗੀਆਂ ਦੇਸ਼ ਦੀਆਂ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣਗੀਆਂ। ਮਹਿਲਾ ਕਰਮੀ ਕਮਾਂਡੋ ਦੇ ਰੂਪ ਵਿਚ ਵਿਸ਼ੇਸ਼ ਵਿਅਕਤੀਆਂ ਨੂੰ VIP ਸੁਰੱਖਿਆ ਪ੍ਰਦਾਨ ਕਰਨਗੀਆਂ। ਕੇਂਦਰ ਸਰਕਾਰ ਨੇ ਸੋਮਵਾਰ ਨੂੰ VIPs ਵਿਅਕਤੀਆਂ, ਹਵਾਈ ਅੱਡਿਆਂ ਅਤੇ ਹੋਰ ਮਹੱਤਵਪੂਰਨ ਅਦਾਰਿਆਂ ‘ਤੇ ਫੋਰਸ ਦੀ ਵਧਦੀ ਤਾਇਨਾਤੀ ਨੂੰ ਵੇਖਦੇ ਹੋਏ CISF ‘ਚ 1000 ਤੋਂ ਵੱਧ ਕਰਮੀਆਂ ਵਾਲੀ ਪਹਿਲੀ ਪੂਰਨ ਮਹਿਲਾ ਬਟਾਲੀਅਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸ਼ਾਹ ਨੇ ‘ਐਕਸ’ ‘ਤੇ ਇਕ ਪੋਸਟ ਵਿਚ ਕਿਹਾ ਕਿ ਰਾਸ਼ਟਰ ਨਿਰਮਾਣ ਦੇ ਹਰ ਖੇਤਰ ਵਿਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਦੇ ਮੋਦੀ ਜੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਇਕ ਮਜ਼ਬੂਤ ਕਦਮ ਚੁੱਕਦੇ ਹੋਏ ਮੋਦੀ ਸਰਕਾਰ ਨੇ CISF ਦੀ ਪਹਿਲੀ ਪੂਰਨ ਮਹਿਲਾ ਬਟਾਲੀਅਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਕ ਵਿਸ਼ੇਸ਼ ਫ਼ੌਜੀ ਟੁਕੜੀ ਦੇ ਰੂਪ ‘ਚ ਦੇਸ਼ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ ਜਿਵੇਂ ਕਿ ਹਵਾਈ ਅੱਡਿਆਂ ਅਤੇ ਮੈਟਰੋ ਰੇਲ ਦੀ ਸੁਰੱਖਿਆ ਅਤੇ ਕਮਾਂਡੋਜ਼ ਦੇ ਰੂਪ ਵਿਚ VIPs ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸੰਭਾਲਣਗੀਆਂ।