ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri harmandir Sahib) ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Mann) ਆਪਣੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ (Dr. Gurpreet Kaur) ਨਾਲ ਨਤਮਸਤਕ ਹੋਣ ਲਈ ਪੁੱਜੇ। ਮਾਨ ਦੀ ਮਾਂ ਤੇ ਭੈਣ ਵੀ ਉਨ੍ਹਾਂ ਦੇ ਨਾਲ ਸਨ। ਭਗਵੰਤ ਸਿੰਘ ਮਾਨ ਵਿਆਹ ਤੋਂ ਬਾਅਦ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ, ਜਿੱਥੇ ਉਨ੍ਹਾਂ ਨੇ ਗੁਰੂ ਘਰ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ। ਨਤਮਸਤਕ ਹੋਣ ਸਮੇਂ ਉਨ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਸੁੰਦਰ ਰੁਮਾਲਾ ਸਾਹਿਬ ਭੇਟ ਕੀਤੇ। ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਨੇ ਗ੍ਰਹਿਸਥ ਜੀਵਨ ਤੇ ਸਰਬੱਤ ਦੇ ਭਲੇ ਲਈ ਚੜ੍ਹਦੀਕਲਾ ਦੀ ਅਰਦਾਸ ਕੀਤੀ। ਭਗਵੰਤ ਸਿੰਘ ਮਾਨ ਵਿਸ਼ੇਸ਼ ਉਡਾਨ ਰਾਹੀਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਪੁੱਜੇ। ਇਸ ਤੋਂ ਬਾਅਦ ਉਹ ਗੱਡੀਆਂ ਦੇ ਕਾਫਲੇ ਰਾਹੀਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ ਤੇ ਪਰਿਕਰਮਾ ਕਰ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕੀਤੇ। ਭਗਵੰਤ ਸਿੰਘ ਮਾਨ ਤੇ ਡਾ. ਗੁਰਪ੍ਰੀਤ ਕੌਰ ਨੂੰ ਸੂਚਨਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿਰੋਪਾੳ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਜਲਦ ਹੀ ਨਸ਼ਾ ਮੁਕਤ ਕਰਾਂਗੇ। ਇਸ ਦੀ ਤਾਜ਼ਾ ਉਦਾਹਰਨ ਬੀਤੇ ਦਿਨੀਂ ਪੂਰੇ ਸੂਬੇ ‘ਚ ਡੀਜੀਪੀ ਗੌਰਵ ਯਾਦਵ ਵੱਲੋਂ ਚਲਾਈ ਗਈ ਮੁਹਿੰਮ ਤਾਂ ਜਨਤਾ ਨੇ ਦੇਖ ਹੀ ਲਈ ਹੈ। ਜੇਲ੍ਹਾਂ ਨੂੰ ਨਸ਼ਾ ਮੁਕਤ ਕਰਨ ਲਈ ਵੀ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਚੰਡੀਗੜ੍ਹ ‘ਚ ਜ਼ਮੀਨ ਦੇਣ ਤੋਂ ਬਾਅਦ ਉਨ੍ਹਾਂ ਵੱਲੋਂ ਵੀ ਜ਼ਮੀਨ ਦੀ ਮੰਗ ਕੀਤੇ ਜਾਣ ‘ਤੇ ਵਿਰੋਧੀ ਵੱਲੋਂ ਘੇਰੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੂੰ ਇਸ ਮਾਮਲੇ ‘ਚ ਬੋਲਣ ਦਾ ਕੋਈ ਹੱਕ ਨਹੀਂ ਹੈ। ਅਕਾਲੀ ਦਲ ਨੂੰ ਲੰਮੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਜਦੋਂ ਇਸ ਦੀ ਭਾਜਪਾ ਨਾਲ ਗੰਢਤੁੱਪ ਸੀ ਜਾਂ ਜਦੋਂ ਪੰਜਾਬ ‘ਚ ਅਕਾਲੀਆਂ ਦੀ ਸਰਕਾਰ ਸੀ, ਉਦੋਂ ਤਾਂ ਕੁਝ ਨਹੀਂ ਬੋਲੇ ਫਿਰ ਅੱਜ ਕਿਉਂ?