39.96 F
New York, US
December 13, 2024
PreetNama
ਸਮਾਜ/Socialਖਬਰਾਂ/News

CM ਭਗਵੰਤ ਮਾਨ ਨੇ ਜਲੰਧਰ ‘ਚ ਹਜ਼ਾਰਾਂ ਲੋਕਾਂ ਨਾਲ ਕੀਤਾ ਯੋਗ, ਸੂਬੇ ‘ਚ ਸਿਹਤ ਕ੍ਰਾਂਤੀ ਦਾ ਬੰਨ੍ਹਿਆ ਮੁੱਢ

ਜਤਿੰਦਰ ਪੰਮੀ, ਜਲੰਧਰ- ‘ਸੀਐਁਮ ਦੀ ਯੋਗਸ਼ਾਲਾ’ ਨੂੰ ਲੋਕ ਲਹਿਰ ਵਿੱਚ ਬਦਲਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਹਤਮੰਦ, ਪ੍ਰਗਤੀਸ਼ੀਲ ਅਤੇ ਖੁਸ਼ਹਾਲ ਸੂਬੇ ਦੀ ਸਿਰਜਣਾ ਲਈ ਸੂਬੇ ਦੇ 50,000 ਤੋਂ ਵੱਧ ਲੋਕਾਂ ਨੂੰ ਯੋਗ ਕਰਵਾਉਣ ਲਈ ਅਗਵਾਈ ਕੀਤੀ।

ਅੱਜ ਇੱਥੇ ਪੀਏਪੀ ਗਰਾਊਂਡ ਵਿਖੇ ‘ਸੀ.ਐਮ. ਦੀ ਯੋਗਸ਼ਾਲਾ’ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਸਿਹਤ ਖੇਤਰ ਵਿੱਚ ਇਸ ਕ੍ਰਾਂਤੀ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਬਣਾਉਣਾ ਹੈ।” ਇਸ ਸਮਾਗਮ ਵਿੱਚ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ।

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ‘ਸੀਐਁਮ ਦੀ ਯੋਗਸ਼ਾਲਾ’ ਸਿਹਤਮੰਦ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਬਹੁਤ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨੇਕ ਕਾਰਜ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀਆਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਸਿਹਤਮੰਦ ਅਤੇ ਪੁਰਾਤਨ ਸ਼ਾਨ ਵਾਲਾ ਸੂਬਾ ਹੋਣ ਦਾ ਗੌਰਵ ਮੁੜ ਹਾਸਲ ਕਰੇਗਾ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਵਾਂਗ ਇਹ ਕੋਈ ਸਿਆਸੀ ਸਮਾਗਮ ਨਹੀਂ ਰਚਿਆ ਗਿਆ ਸਗੋਂ ਇਸ ਮੁਹਿੰਮ ਦਾ ਇੱਕੋ-ਇੱਕ ਉਦੇਸ਼ ਲੋਕਾਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਬਾਰੇ ਪ੍ਰੇਰਿਤ ਕਰਕੇ ਪੰਜਾਬ ਨੂੰ ਸਿਹਤਮੰਦ ਸੂਬਾ ਬਣਾਉਣਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ‘ਸੀ.ਐਮ. ਦੀ ਯੋਗਸ਼ਾਲਾ’ ਨਾਗਰਿਕ ਕੇਂਦਰਿਤ ਉਪਰਾਲਾ ਹੈ ਜੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿਮਾਗ ਦੀ ਉਪਜ ਹੈ ਅਤੇ ਕੌਮੀ ਰਾਜਧਾਨੀ ਵਿੱਚ ਇਸ ਨੇ ਲੋਕਾਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਲੋਕ-ਪੱਖੀ ਪਹਿਲਕਦਮੀ ਤੋਂ ਕੌਮੀ ਰਾਜਧਾਨੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਭ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸੇ ਕਾਰਨ ਹੀ ਪੰਜਾਬ ਨੇ ਇਸ ਸਕੀਮ ਨੂੰ ਸੂਬੇ ਵਿੱਚ ਲਾਗੂ ਕੀਤਾ ਤਾਂ ਜੋ ਪੰਜਾਬੀਆਂ ਨੂੰ ਵੀ ਇਸ ਦਾ ਵੱਡਾ ਲਾਭ ਮਿਲ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਮੁਫਤ ਯੋਗ ਸਿਖਲਾਈ ਲਈ ਲੋਕ ਟੋਲ ਫਰੀ ਨੰਬਰ 7669 400 500 ‘ਤੇ ਡਾਇਲ ਕਰ ਸਕਦੇ ਹਨ ਜਾਂ https://cmdiyogshala.punjab.gov.in ‘ਤੇ ਜਾ ਕੇ ਇਹ ਸੇਵਾ ਪ੍ਰਾਪਤ ਕਰ ਸਕਦੇ ਹਨ ਅਤੇ ਸਿਖਲਾਈ ਪ੍ਰਾਪਤ ਯੋਗਾ ਇੰਸਟ੍ਰਕਟਰ ਲੋਕਾਂ ਨੂੰ ਯੋਗਾ ਬਾਰੇ ਜਾਣੂੰ ਕਰਵਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਭਾਰਤ ਦੀ ਸ਼ਾਨਦਾਰ ਪ੍ਰਾਚੀਨ ਪਰੰਪਰਾ ਦੇ ਅਨੁਸਾਰ ਇਹ ਯੋਗਸ਼ਾਲਾਵਾਂ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਬਣਾਉਣ ਵਿੱਚ ਸਹਾਈ ਹੋਣਗੀਆਂ। ਭਗਵੰਤ ਮਾਨ ਨੇ ਦੱਸਿਆ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ ਉਚ ਸਿਖਲਾਈ ਪ੍ਰਾਪਤ ਯੋਗਾ ਇੰਸਟ੍ਰਕਟਰ ਖੁੱਲ੍ਹੇ ਪਾਰਕਾਂ ਅਤੇ ਹੋਰ ਜਨਤਕ ਥਾਵਾਂ ‘ਤੇ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦੇਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਢਲਾ ਮੰਤਵ ਪੰਜਾਬ ਨੂੰ ਸਿਹਤਮੰਦ, ਖੁਸ਼ਹਾਲ ਅਤੇ ਪ੍ਰਗਤੀਸ਼ੀਲ ਬਣਾਉਣ ਲਈ ਲੋਕ ਲਹਿਰ ਸ਼ੁਰੂ ਕੀਤੇ ਜਾਣ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਸਰੀਰ ਅਤੇ ਤੰਦਰੁਸਤ ਦਿਮਾਗ ਲਈ ਯੋਗਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਤੰਦਰੁਸਤ ਤੇ ਰਿਸ਼ਟ-ਪੁਸ਼ਟ ਰਹਿਣ ਲਈ ਯੋਗਾ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ‘ਸੀ.ਐਮ. ਦੀ ਯੋਗਸ਼ਾਲਾ’ ਮੁਹਿੰਮ ਲੋਕਾਂ ਵਿੱਚ ਯੋਗ ਅਭਿਆਸ ਕਰਕੇ ਚੰਗੀ ਸਿਹਤ ਯਕੀਨੀ ਬਣਾਉਣ ਬਾਰੇ ਜਾਗਰੂਕਤਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਏਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਨਾ ਸਿਰਫ਼ ਚੰਗੀ ਸਿਹਤ ਬਣਾਈ ਰੱਖੀ ਜਾਵੇ ਸਗੋਂ ਉਨ੍ਹਾਂ ਲੋਕਾਂ ਨੂੰ ਤਣਾਅ ਤੋਂ ਵੀ ਮੁਕਤ ਕੀਤਾ ਜਾਵੇ, ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਵਧ ਰਿਹਾ ਤਣਾਅ ਹਰ ਕਿਸੇ ਲਈ ਚਿੰਤਾ ਦਾ ਮੁੱਖ ਕਾਰਨ ਹੈ ਅਤੇ ਯੋਗ ਲੋਕਾਂ ਨੂੰ ਇਸ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਜੀਵਨਸ਼ੈਲੀ ਵਿੱਚ ਕੁਝ ਬਦਲਾਅ ਕਰਕੇ ਅਤੇ ਯੋਗ ਅਭਿਆਸ ਰਾਹੀਂ ਚੰਗਾ ਜੀਵਨ ਬਤੀਤ ਕਰਕੇ ਮਾਨਸਿਕ ਅਤੇ ਸਰੀਰਕ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੈ।

ਇਸ ਮੌਕੇ ਕੈਬਨਿਟ ਮੰਤਰੀ ਬਲਕਾਰ ਸਿੰਘ, ਡਾ: ਬਲਬੀਰ ਸਿੰਘ ਅਤੇ ਬ੍ਰਮ ਸ਼ੰਕਰ ਜਿੰਪਾ, ਰਾਜ ਸਭਾ ਮੈਂਬਰ ਰਾਘਵ ਚੱਢਾ, ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂਪ੍ਰਸਾਦ ਅਤੇ ਹੋਰ ਵੀ ਹਾਜ਼ਰ ਸਨ।

Related posts

Russia-Ukraine War : 24 ਘੰਟਿਆਂ ‘ਚ Zaporizhzhya ਪਰਮਾਣੂ ਪਲਾਂਟ ਨੇੜੇ ਤਿੰਨ ਵਾਰ ਬੰਬ ਧਮਾਕਾ, ਰੂਸ ਤੇ ਯੂਕਰੇਨ ਨੇ ਇੱਕ ਦੂਜੇ ‘ਤੇ ਲਗਾਏ ਦੋਸ਼

On Punjab

ਮੌਸਮ ਵਿਭਾਗ ਖ਼ਿਲਾਫ਼ ਅਫ਼ਵਾਹ ਫੈਲਾਉਣ ਦਾ ਪਰਚਾ ਦੇਣ ਦੀ ਮੰਗ

On Punjab

ਅੱਤਵਾਦੀ ਹਮਲਿਆਂ ‘ਚ ਵਾਧਾ, ਜੰਮੂ-ਕਸ਼ਮੀਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼, ISI ਨੂੰ ਪਸੰਦ ਨਹੀਂ ਆ ਰਹੀ ਘਾਟੀ ‘ਚ ਸ਼ਾਂਤੀ ਖਾਸ ਤੌਰ ‘ਤੇ ਨਿਰਮਾਣ ਕਾਰਜਾਂ ‘ਚ ਲੱਗੇ ਮਜ਼ਦੂਰਾਂ ‘ਤੇ ਹਮਲਾ ਕਰਕੇ ਅੱਤਵਾਦੀ ਦੇਸ਼ ਭਰ ‘ਚ ਇਹ ਝੂਠਾ ਪ੍ਰਚਾਰ ਕਰਨਾ ਚਾਹੁੰਦੇ ਹਨ ਕਿ ਜੰਮੂ-ਕਸ਼ਮੀਰ ‘ਚ ਹਾਲਾਤ ਠੀਕ ਨਹੀਂ ਹਨ। ਅੱਤਵਾਦੀ ਸੰਗਠਨ ਅਜਿਹੇ ਹਮਲਿਆਂ ਨੂੰ ਅੰਜਾਮ ਦੇ ਕੇ ਨੌਜਵਾਨਾਂ ਨੂੰ ਭਰਤੀ ਲਈ ਉਕਸਾਉਂਦੇ ਹਨ।

On Punjab