ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਸੁਰਖੀਆਂ ‘ਚ ਹਨ। ਸਿੱਧੂ ਨੇ ਬੁੱਧਵਾਰ ਨੂੰ ਇਕ ਵੀਡੀਓ ਟਵੀਟ ਕਰ ਕੇ ਆਪਣੇ ਆਪ ਨੂੰ ਪੰਜਾਬ ਦਾ ਸੱਚਾ ਪੁੱਤਰ ਹੋਣ ਦਾ ਦਾਅਵਾ ਕੀਤਾ। ਸਿੱਧੂ ਨੇ ਇਸ ਵੀਡੀਓ ਰਾਹੀਂ ਆਪਣਾ ਪੂਰਾ ਸਿਆਸੀ ਸਫ਼ਰ ਕੁਰਬਾਨੀਆਂ ਨਾਲ ਭਰਪੂਰ ਹੋਣ ਸਬੰਧੀ ਦਿਖਾਉਣ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਉਨ੍ਹਾਂ ਅੱਜ ਆਪਣੇ ਆਲੋਚਕਾਂ ਨੂੰ ਵੀ ਕਰਾਰਾ ਜਵਾਬ ਦੇ ਦਿੱਤਾ ਹੈ। ਵੀਡੀਓ ‘ਚ ਸਿੱਧੂ ਆਪਣੇ ਤਲਖ਼ ਅੰਦਾਜ਼ ‘ਚ ਬੋਲ ਰਹੇ ਹਨ, ‘ਆਈ ਐਮ ਨਾਟ ਫਾਰ ਸੇਲ’।
ਸਿੱਧੂ ਦੀ ਇਸ ਵੀਡੀਓ ‘ਚ ਗਾਇਕ ਬੀ ਪਰਾਕ ਦਾ ਇਕ ਗੀਤ ਚੱਲ ਰਿਹਾ ਹੈ ਅਤੇ ਸਿੱਧੂ ਵੱਲੋਂ ਵੱਖ-ਵੱਖ ਸਮਾਗਮਾਂ ‘ਚ ਲਏ ਗਏ ਹਿੱਸੇ ਦੀਆਂ ਵੀਡੀਓ ਕਟਿੰਗ ਪਾਈਆਂ ਗਈਆਂ ਹਨ। ਵੀਡੀਓ ‘ਚ ਜ਼ਿਆਦਾਤਰ ਉਹ ਸ਼ਾਟਸ ਦਿਖਾਈ ਦੇ ਰਹੇ ਹਨ, ਜਿਨ੍ਹਾਂ ‘ਚ ਸਿੱਧੂ ਧਾਰਮਿਕ ਤੇ ਸਮਾਜਿਕ ਪ੍ਰੋਗਰਾਮਾਂ ‘ਚ ਹਿੱਸਾ ਲੈਂਦੇ ਨਜ਼ਰ ਆ ਰਹੇ ਹਨ। ਜ਼ਿਆਦਾਤਰ ਸ਼ਾਟਸ ‘ਚ ਸਿੱਧੂ ਨੂੰ ਭੀੜ ‘ਚ ਘਿੜੇ ਨਜ਼ਰ ਆਏ। ਇਸ ਤੋਂ ਇਲਾਵਾ ਇਸ ਵੀਡੀਓ ‘ਚ ਲਿਖਿਆ ਗਿਆ ਹੈ ਕਿ ਸਾਲ 2007 ‘ਚ ਹਾਈਕੋਰਟ ਵੱਲੋਂ ਝੂਠੇ ਕੇਸ ‘ਚ ਸਜ਼ਾ ਸੁਣਾਈ ਗਈ ਸੀ ਪਰ ਸੁਪਰੀਮ ਕੋਰਟ ਨੇ ਇਸ ‘ਤੇ ਰੋਕ ਲਗਾ ਦਿੱਤੀ।
ਅਜਿਹਾ ਭਾਰਤੀ ਨਿਆਂ ਪ੍ਰਣਾਲੀ ਦੇ 60 ਸਾਲਾਂ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ ਕਿ ਸੁਪਰੀਮ ਕੋਰਟ ਨੇ ਨਾ ਸਿਰਫ਼ ਝੂਠੇ ਕੇਸ ‘ਚੋਂ ਬਰੀ ਕੀਤਾ, ਸਗੋਂ ਨੈਤਿਕਤਾ ਦਾ ਸਰਟੀਫਿਕੇਟ ਦੇ ਕੇ ਚੋਣ ਲੜਨ ਦੀ ਆਜ਼ਾਦੀ ਵੀ ਦਿੱਤੀ। ਸਿੱਧੂ ਨੇ 90 ਹਜ਼ਾਰ ਵੋਟਾਂ ਦੇ ਫਰਕ ਨਾਲ ਚੋਣ ਜਿੱਤੀ।
ਇਸ ਤੋਂ ਬਾਅਦ ਸਿੱਧੂ ਦੇ ਭਾਜਪਾ ਕਾਰਜਕਾਲ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ ਕਿ 2009 ‘ਚ ਕਾਂਗਰਸ ਦੀ ਲਹਿਰ ਦੌਰਾਨ ਸਿੱਧੂ ਤੀਜੀ ਵਾਰ ਸੰਸਦ ਮੈਂਬਰ ਬਣੇ ਤੇ ਪੂਰੇ ਉੱਤਰ ਭਾਰਤ ‘ਚੋਂ ਭਾਜਪਾ ਦੀ ਝੋਲੀ ‘ਚ ਇਕਲੌਤੀ ਸੀਟ ਪਾ ਦਿੱਤੀ। ਲੋਕਾਂ ਦੇ ਦਿਲਾਂ ‘ਚ ਸਿੱਧੂ ਦੀ ਜਗ੍ਹਾ ਤੋਂ ਡਰੇ ਬਾਦਲਾਂ ਨੇ ਦੋ ਵਾਰ ਜਿੱਤ ਕੇ ਆਪਣੀ ਨੂੰਹ ਨੂੰ ਮੰਤਰੀ ਬਣਾਇਆ।
ਟਵੀਟ ‘ਚ ਕਿਹਾ ਗਿਆ ਹੈ ਕਿ 2014 ਵਿਚ ਅਰੁਣ ਜੇਤਲੀ ਨੇ ਸਿੱਧੂ ਨੂੰ ਗਾਜ਼ੀਆਬਾਦ, ਪੱਛਮੀ ਦਿੱਲੀ, ਕੁਰੂਕਸ਼ੇਤਰ ਜਾਂ ਚੰਡੀਗੜ੍ਹ ਤੋਂ ਸੰਸਦ ਮੈਂਬਰ ਦੀ ਸੀਟ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਪੇਸ਼ਕਸ਼ ਕੀਤੀ ਸੀ। ਸਿੱਧੂ ਨੇ ਬਿਨਾਂ ਕੋਈ ਚੋਣ ਲੜੇ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਛੇ ਸਾਲ ਦੀ ਰਾਜ ਸਭਾ ਦੀ ਮੈਂਬਰਸ਼ਿਪ ਵੀ ਛੱਡ ਦਿੱਤੀ। ਆਜ਼ਾਦ ਭਾਰਤ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਸਿੱਧੂ ਨੇ ਸਾਰੇ ਅਹੁਦਿਆਂ ਨੂੰ ਠੁਕਰਾ ਕੇ ਗੁਰੂ ਘਰ ਦੀ ਚਾਕਰੀ ਦੀ ਚੋਣ ਕੀਤੀ।
ਕਰਤਾਰਪੁਰ ਲਾਂਘੇ ਦੇ ਮੁੱਦੇ ‘ਤੇ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਘੇਰਾਬੰਦੀ ਦਾ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦਾ ਬੁਰਾ ਚਾਹੁਣ ਵਾਲਿਆਂ ਨੂੰ ਖ਼ੂਬ ਕੋਸਿਆ ਪਰ ਉਹ ਆਪਣੇ ਸਟੈਂਡ ‘ਤੇ ਕਾਇਮ ਰਹੇ। 2017 ਤੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੱਦੀ ਘਰ ਦਾ 2.5 ਲੱਖ ਦਾ ਬਿਜਲੀ ਬਿੱਲ ਆਪਣੀ ਜੇਬ ‘ਚੋਂ ਭਰਿਆ।
ਉਨ੍ਹਾਂ ਆਪਣੀ ਨਿੱਜੀ ਕਮਾਈ ‘ਚੋਂ ਇਕ ਕਰੋੜ 25 ਲੱਖ ਰੁਪਏ ਅੰਮ੍ਰਿਤਸਰ ‘ਚ ਗੋ ਗ੍ਰੀਨ, ਗੋ ਕਲੀਨ ਪ੍ਰੋਜੈਕਟ ਨੂੰ ਦਿੱਤੇ। 2017 ‘ਚ ਰਾਜਾ ਸੰਸਦ ਵਿੱਚ ਸੜ ਗਈਆਂ ਫਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਨਿੱਜੀ ਕਮਾਈ ਵਿੱਚੋਂ 15 ਲੱਖ ਰੁਪਏ ਦਿੱਤੇ। ਅਪੋਲੋ ਹਸਪਤਾਲ ‘ਚ ਬੱਚੇ ਦੇ ਲਿਵਰ ਟਰਾਂਸਪਲਾਂਟ ਲਈ ਨਿੱਜੀ ਕਮਾਈ ਵਿੱਚੋਂ 10 ਲੱਖ ਰੁਪਏ ਦਿੱਤੇ।
ਸਿੱਧੂ ਨੇ ਇਸ ਵੀਡੀਓ ‘ਚ ਕਿਹਾ ਕਿ ਬਾਬਾ ਫਰੀਦ ਨੂੰ ਇਮਾਨਦਾਰੀ ਦਾ ਸਨਮਾਨ ਮਿਲਿਆ ਹੈ। ਪੰਜਾਬ ‘ਚ ਇਹ ਪਹਿਲੀ ਵਾਰ ਸੀ ਕਿ ਕਿਸੇ ਆਗੂ ਨੂੰ ਇਹ ਸਨਮਾਨ ਦਿੱਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ 2019 ‘ਚ ਵਿਧਾਨ ਸਭਾ ‘ਚ ਬੇਅਦਬੀ ਦੇ ਮਾਮਲੇ ‘ਤੇ ਇਨਸਾਫ ਦੀ ਮੰਗ ਕੀਤੀ ਸੀ ਅਤੇ ਮੰਗ ਪੂਰੀ ਨਾ ਹੋਣ ‘ਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਵੀਡੀਓ ਰਾਹੀਂ ਸਿੱਧੂ ਨੇ ਕਾਂਗਰਸ ਦੇ ਅੰਦਰ ਅਤੇ ਬਾਹਰ ਸਾਰੇ ਵਿਰੋਧੀਆਂ ਨੂੰ ਘੇਰਿਆ ਅਤੇ ਸਵਾਲ ਉਠਾਇਆ ਹੈ ਕਿ ਰਾਜ ਸਭਾ ਮੈਂਬਰ, ਮੰਤਰੀ ਸਮੇਤ ਕਈ ਹੋਰ ਅਹੁਦੇ ਛੱਡਣ ਵਾਲਾ ਵਿਅਕਤੀ ਸਿਰਫ਼ ਪੰਜਾਬ ਦਾ ਭਲਾ ਚਾਹੁੰਦਾ ਹੈ।