ਰਾਸ਼ਟਰਮੰਡਲ ਖੇਡਾਂ ਵਿਚ ਬਿਹਤਰ ਪ੍ਰਦਰਸ਼ਨ ਲਈ ਅਮਰੀਕਾ ਵਿਚ ਅਭਿਆਸ ਕਰ ਰਹੇ ਓਲੰਪੀਅਨ ਬਜਰੰਗ ਪੂਨੀਆ ਨੇ ਕਿਹਾ ਹੈ ਕਿ ਇਸ ਚੈਂਪੀਅਨਸ਼ਿਪ ਵਿਚ ਆਉਣ ਵਾਲੇ ਸਾਰੇ ਭਲਵਾਨ ਆਪੋ-ਆਣੇ ਦੇਸ਼ ਦੇ ਬਿਹਤਰ ਭਲਵਾਨ ਹੋਣਗੇ। ਮੈਟ ‘ਤੇ ਤੁਹਾਡੇ ਸਾਹਮਣੇ ਕਿਹੜਾ ਭਲਵਾਨ ਹੈ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਬਸ ਤੁਸੀਂ ਆਪਣਾ ਸਰਬੋਤਮ ਪ੍ਰਦਰਸ਼ਨ ਕਰ ਗਏ ਤਾਂ ਗੋਲਡ ਮੈਡਲ ਤੁਹਾਡਾ। ਬਜਰੰਗ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਗੋਲਡ ਜਿੱਤਣਾ ਹੈ ਇਸ ਲਈ ਉਹ ਵਿਦੇਸ਼ੀ ਟ੍ਰੇਨਰ ਤੇ ਪਾਰਨਟਰ ਦੇ ਨਾਲ ਸਵੇਰ-ਸ਼ਾਮ ਚਾਰ ਘੰਟੇ ਮਿਹਨਤ ਕਰ ਰਹੇ ਹਨ। ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਵਿਚ ਰੁੱਝੇ ਬਜਰੰਗ ਪੂਨੀਆ ਨਾਲ ਨੰਦਕਿਸ਼ੋਰ ਭਾਰਦਵਾਜ ਨੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :
-ਆਪਣੇ ਦੇਸ਼ ਤੇ ਵਿਦੇਸ਼ ਦੀ ਟ੍ਰੇਨਿੰਗ ਵਿਚ ਕੀ ਫ਼ਰਕ ਮਹਿਸੂਸ ਕਰਦੇ ਹੋ?
-ਅਮਰੀਕਾ ਦਾ ਮੌਸਮ ਅਭਿਆਸ ਲਈ ਚੰਗਾ ਹੈ। ਇੱਥੇ 23-25 ਡਿਗਰੀ ਤਾਪਮਾਨ ਰਹਿੰਦਾ ਹੈ ਜਦਕਿ ਸੋਨੀਪਤ ਵਿਚ ਇਸ ਸਮੇਂ ਗਰਮੀ ਵੱਧ ਹੈ। ਦੂਜਾ ਅਮਰੀਕਾ ਵਿਚ ਮਾਹਿਰ ਖਾਣੇ ‘ਤੇ ਵਿਸ਼ੇਸ਼ ਧਿਆਨ ਦਿੰਦੇ ਹਨ। ਤੀਜਾ ਅਮਰੀਕਾ ਵਿਚ ਟ੍ਰੇਨਿੰਗ ‘ਤੇ ਹੀ ਧਿਆਨ ਕੇਂਦਰਤ ਹੈ ਜਦਕਿ ਆਪਣੇ ਸ਼ਹਿਰ ਵਿਚ ਕਈ ਕੰਮ ਨਿਕਲ ਆਉਂਦੇ ਹਨ, ਉਨ੍ਹਾਂ ਨੂੰ ਕਰਨ ਲਈ ਕਈ ਵਾਰ ਟ੍ਰੇਨਿੰਗ ਛੁੱਟ ਜਾਂਦੀ ਹੈ।
-ਟ੍ਰੇਨਿੰਗ ਦਾ ਪ੍ਰਰੋਗਰਾਮ ਕੀ ਹੈ?
-ਸਵੇਰੇ ਨੌਂ ਤੋਂ 11 ਵਜੇ ਤੇ ਸ਼ਾਮ ਨੂੰ ਸਾਢੇ ਤਿੰਨ ਵਜੇ ਤੋਂ ਸਾਢੇ ਪੰਜ ਵਜੇ ਤਕ ਅਭਿਆਸ ਕਰਵਾਇਆ ਜਾਂਦਾ ਹੈ। ਵਿਦੇਸ਼ੀ ਟ੍ਰੇਨਰ ਤੇ ਪਾਰਟਨਰ ਦੇ ਨਾਲ ਅਭਿਆਸ ਦੌਰਾਨ ਸਾਹਮਣੇ ਆਉਣ ਵਾਲੀਆਂ ਕਮੀਆਂ ਨੂੰ ਵੀਡੀਓ ਵਿਸ਼ਲੇਸ਼ਣ ਨਾਲ ਸੁਧਾਰਿਆ ਜਾਂਦਾ ਹੈ। ਇਸ ਨਾਲ ਹੀ ਨਵੀਂ ਤਕਨੀਕ ਤੇ ਹੋਰ ਚੀਜ਼ਾਂ ‘ਤੇ ਖ਼ਾਸ ਤੌਰ ‘ਤੇ ਦੱਸਿਆ ਤੇ ਸਿਖਾਇਆ ਜਾਂਦਾ ਹੈ।
-ਤੁਹਾਡੇ ਭਾਰ ਵਰਗ ਵਿਚ ਵਧਦੇ ਮੁਕਾਬਲੇ ਨਾਲ ਨਜਿੱਠਣ ਲਈ ਕੀ ਕੋਈ ਖ਼ਾਸ ਰਣਨੀਤੀ ਹੈ?
ਤੁਹਾਡੀ ਖ਼ਾਸ ਤਕਨੀਕ ਤੁਹਾਨੂੰ ਦੂਜਿਆਂ ਤੋਂ ਵੱਖ ਕਰਦੀ ਹੈ। 65 ਕਿੱਲੋ ਭਾਰ ਵਰਗ ਵਿਚ ਮੁਕਾਬਲਾ ਸਖ਼ਤ ਹੁੰਦਾ ਜਾ ਰਿਹਾ ਹੈ। ਸਿਖਰ ‘ਤੇ ਬਣੇ ਰਹਿਣ ਲਈ ਕਿਤੇ ਵੀ ਕਜ਼ਮੋਰ ਨਹੀਂ ਪੈਣਾ ਹੈ ਕਿਉਂਕਿ ਰਾਸ਼ਟਰਮੰਡਲ ਵਿਚ ਆਉਣ ਵਾਲੇ ਸਾਰੇ ਭਲਵਾਨ ਆਪਣੇ ਦੇਸ਼ ਦੇ ਸਰਬੋਤਮ ਹੁੰਦੇ ਹਨ। ਤੁਸੀਂ ਜੇ ਆਪਣਾ ਸਰਬੋਤਮ ਪ੍ਰਦਰਸ਼ਨ ਦਿੱਤਾ ਤਾਂ ਗੋਲਡ ਮੈਡਲ ਤੁਹਾਡਾ। ਮੈਟ ‘ਤੇ ਤੁਹਾਡੇ ਸਾਹਮਣੇ ਕੌਣ ਹੈ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਬਸ ਤੁਹਾਨੂੰ ਹਰ ਹਾਲ ਵਿਚ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਹੁੰਦਾ ਹੈ।
-ਤੁਸੀਂ ਮੌਜੂਦਾ ਲੈਅ ਤੋਂ ਕਿੰਨੇ ਸੰਤੁਸ਼ਟ ਹੋ?
-ਟੋਕੀਓ ਓਲੰਪਿਕ ਤੋਂ ਬਾਅਦ ਕਈ ਸਨਮਾਨ ਸਮਾਗਮਾਂ ਕਾਰਨ ਅਭਿਆਸ ਕੁਝ ਦਿਨਾਂ ਲਈ ਨਹੀਂ ਹੋ ਸਕਿਆ ਸੀ ਪਰ ਹੁਣ ਮੈਂ ਪੂਰੀ ਤਰ੍ਹਾਂ ਤਿਆਰ ਹਾਂ। ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਲੈਅ ਤੋਂ ਸੰਤੁਸ਼ਟ ਹਾਂ। ਹਰ ਗੋਲਡ ਭਲਵਾਨ ਦਾ ਹੌਸਲਾ ਵਧਾਉਂਦਾ ਹੈ। ਦੇਸ਼ਵਾਸੀਆਂ ਦੀਆਂ ਉਮੀਦਾਂ ‘ਤੇ ਖ਼ਰਾ ਉਤਰਦੇ ਹੋਏ ਗੋਲਡ ਮੈਡਲ ਜਿੱਤਣ ਲਈ ਬਹੁਤ ਮਿਹਨਤ ਕਰ ਰਿਹਾ ਹਾਂ।
-ਅਗਲੀਆਂ ਚੈਂਪੀਅਨਸ਼ਿਪਾਂ ਲਈ ਕੀ ਯੋਜਨਾ ਹੈ?
-ਹੁਣ ਤਾਂ ਪੂਰਾ ਧਿਆਨ ਰਾਸ਼ਟਰਮੰਡਲ ਦੇ ਗੋਲਡ ‘ਤੇ ਹੈ। ਇੱਥੋਂ ਦੋ ਅਗਸਤ ਨੂੰ ਰਵਾਨਾ ਹੋਣਾ ਹੈ। ਪੰਜ ਅਗਸਤ ਨੂੰ ਮੇਰੀ ਕੁਸ਼ਤੀ ਹੈ। ਰਾਸ਼ਟਰਮੰਡਲ ਤੋਂ ਬਾਅਦ ਵਾਪਸ ਦੇਸ਼ ਮੁੜਾਂਗਾ। ਇਸ ਤੋਂ ਬਾਅਦ ਸਤੰਬਰ ਵਿਚ ਵਿਸ਼ਵ ਚੈਂਪੀਅਨਸ਼ਿਪ ਖੇਡਾਂਗਾ। ਉਸ ਚੈਂਪੀਅਸ਼ਿਪ ਲਈ ਟ੍ਰੇਨਿੰਗ ਕਿੱਥੇ ਕਰਨੀ ਹੈ, ਇਹ ਵਾਪਸ ਦੇਸ਼ ਮੁੜ ਕੇ ਹੀ ਤੈਅ ਕਰਾਂਗਾ।