US coronavirus deaths: ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਾਰਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਅਤੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਇਸ ਮਹਾਂਮਾਰੀ ਦੇ ਸਾਹਮਣੇ ਬੇਵੱਸ ਨਜ਼ਰ ਆ ਰਿਹਾ ਹੈ । ਇੱਥੇ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ । ਇਸ ਸਮੇਂ ਅਮਰੀਕਾ ਵਿੱਚ 6 ਲੱਖ ਤੋਂ ਵੱਧ ਕੋਰੋਨਾ ਵਾਇਰਸ ਨਾਲ ਪੀੜਤ ਹਨ । ਅਮਰੀਕਾ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟਿਆਂ ਵਿੱਚ ਰਿਕਾਰਡ 2600 ਮੌਤਾਂ ਹੋਈਆਂ ਹਨ ਜੋ ਦੇਸ਼ ਵਿੱਚ ਹੁਣ ਤੱਕ ਇੱਕ ਦਿਨ ਵਿੱਚ ਮਰਨ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ ।
ਇਸ ਮਾਮਲੇ ਵਿੱਚ ਜਾਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਵੀਰਵਾਰ ਨੂੰ ਜਿੱਥੇ ਪਿਛਲੇ 24 ਘੰਟਿਆਂ ਵਿੱਚ 2600 ਲੋਕਾਂ ਦੀ ਮੌਤ ਹੋਈ ਉੱਥੇ ਬੁੱਧਵਾਰ ਨੂੰ ਇਕ ਦਿਨ ਵਿੱਚ 2228 ਲੋਕਾਂ ਨੇ ਜਾਨ ਗਵਾਈ ਸੀ । ਪਿਛਲੇ 2 ਦਿਨ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਕਮੀ ਦੇਖਣ ਨੂੰ ਮਿਲੀ ਸੀ, ਪਰ ਬੁੱਧਵਾਰ ਤੇ ਵੀਰਵਾਰ ਨੂੰ ਇਹ ਅੰਕੜਾ ਕਾਫੀ ਵੱਡਾ ਹੋ ਗਿਆ ।
ਦੱਸ ਦੇਈਏ ਕਿ ਟਰੰਪ ਨੇ ਇਸ ਮਹਾਂਮਾਰੀ ਨੂੰ ਲੈ ਕੇ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਕਿ ਅਮਰੀਕਾ ਵਿੱਚ ਕੋਰੋਨਾ ਵਾਇਰਸ ਦਾ ਸਭ ਤੋਂ ਬੁਰਾ ਦੌਰ ਬੀਤ ਚੁੱਕਿਆ ਹੈ ਅਤੇ ਦੇਸ਼ ਸਮਾਜਿਕ ਦੂਰੀ ਤੇ ਨਵੀਆਂ ਗਾਈਡਲਾਈਨਜ਼ ਤੈਅ ਕਰਨ ਲਈ ਹੁਣ ਬਿਹਤਰ ਸਥਿਤੀ ਵਿੱਚ ਹੈ ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਹੁਣ ਤੱਕ ਅਮਰੀਕਾ ਵਿੱਚ 6.3 ਲੱਖ ਪਾਜੀਟਿਵ ਲੋਕ ਪਾਏ ਗਏ ਹਨ ਅਤੇ 28 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ । ਟਰੰਪ ਨੇ ਕਿਹਾ ਕਿ ਇਹਨਾਂ ਉਤਸ਼ਾਹਿਤ ਕਰਨ ਵਾਲੇ ਘਟਨਾਕ੍ਰਮਾਂ ਨੇ ਸਾਨੂੰ ਮਜ਼ਬੂਤ ਸਥਿਤੀ ਵਿੱਚ ਲਿਆ ਦਿੱਤਾ ਹੈ । ਜਿਸ ਨਾਲ ਅਸੀਂ ਦੇਸ਼ ਨੂੰ ਫਿਰ ਖੋਲ੍ਹਣ ਲਈ ਗਾਈਡਲਾਈਨਜ਼ ਨੂੰ ਆਖਰੀ ਰੂਪ ਦੇ ਸਕਦੇ ਹਾਂ ।