PM Modi Address Nation: ਨਵੀਂ ਦਿੱਲੀ: ਦੇਸ਼ ਵਿੱਚ ਮਾਰੂ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਤਬਾਹੀ ਮਚਾ ਰਿਹਾ ਹੈ । ਇਸ ਵਾਇਰਸ ਕਾਰਨ ਹੁਣ ਤੱਕ ਦੇਸ਼ ਵਿੱਚ ਕੁੱਲ 511 ਮਾਮਲੇ ਸਾਹਮਣੇ ਆ ਚੁੱਕੇ ਹਨ । ਕੇਂਦਰ ਅਤੇ ਰਾਜ ਸਰਕਾਰਾਂ ਨੇ ਇਸ ਵਾਇਰਸ ਤੋਂ ਬਚਾਅ ਲਈ ਕਈ ਵੱਡੇ ਫੈਸਲੇ ਲਏ ਹਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲਗਾਤਾਰ ਲੋਕਾਂ ਨੂੰ ਇਸ ਮਾਰੂ ਵਾਇਰਸ ਤੋਂ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ । ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਮੋਦੀ ਅੱਜ ਰਾਤ 8 ਵਜੇ ਇੱਕ ਵਾਰ ਫਿਰ ਰਾਸ਼ਟਰ ਨੂੰ ਸੰਬੋਧਨ ਕਰਨਗੇ । ਦੇਸ਼ ਵਿੱਚ ਇਸ ਵਾਇਰਸ ਕਾਰਨ ਹੁਣ ਤਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ।
ਦਰਅਸਲ, ਇਸ ਸਬੰਧੀ ਪੀਐਮ ਮੋਦੀ ਨੇ ਟਵੀਟ ਕਰਕੇ ਖੁਦ ਜਾਣਕਾਰੀ ਦਿੱਤੀ ਹੈ. ਉਨ੍ਹਾਂ ਨੇ ਆਪਣੇ ਇਸ ਟਵੀਟ ਵਿੱਚ ਕਿਹਾ ਕਿ, “ਮੈਂ ਵਿਸ਼ਵਵਿਆਪੀ ਮਹਾਂਮਾਰੀ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਸੰਬੰਧ ਵਿੱਚ ਦੇਸ਼ ਵਾਸੀਆਂ ਨਾਲ ਕੁਝ ਮਹੱਤਵਪੂਰਣ ਗੱਲਾਂ ਸਾਂਝੀਆਂ ਕਰਾਂਗਾ । ਉਨ੍ਹਾਂ ਲਿਖਿਆ ਕਿ ਮੈਂ ਅੱਜ ਯਾਨੀ ਕਿ 24 ਮਾਰਚ ਰਾਤ 8 ਵਜੇ ਦੇਸ਼ ਨੂੰ ਸੰਬੋਧਿਤ ਕਰਾਂਗਾ । ”
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੀਐਮ ਮੋਦੀ ਨੇ 19 ਮਾਰਚ ਨੂੰ ਦੇਸ਼ ਨੂੰ ਸੰਬੋਧਿਤ ਕੀਤਾ ਸੀ । ਇਸ ਵਿੱਚ ਪੀਐੱਮ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕਰਦਿਆਂ 22 ਮਾਰਚ ਨੂੰ ਦੇਸ਼ ਵਿੱਚ ਜਨਤਾ ਕਰਫਿਊ ਲਗਾਉਣ ਦੀ ਅਪੀਲ ਕੀਤੀ ਸੀ । ਇਸ ਦੇ ਨਾਲ ਹੀ ਪੀਐਮ ਮੋਦੀ ਨੇ ਕਿਹਾ ਸੀ ਕਿ ਲੋਕ ਸ਼ਾਮ ਨੂੰ ਪੰਜ ਵਜੇ ਆਪਣੇ ਘਰ ਦੀ ਬਾਲਕਨੀ ਤੋਂ ਥਾਲੀ ਅਤੇ ਘੰਟੀ ਵਜਾ ਕੇ ਮੁਸੀਬਤ ਦੇ ਸਮੇਂ ਵਿੱਚ ਡਾਕਟਰਾਂ ਦਾ ਹੌਂਸਲਾ ਵਧਾਉਣ ।
ਦੱਸ ਦੇਈਏ ਕਿ ਦੱਸ ਦੇਈਏ ਕਿ ਭਾਰਤ ਵਿੱਚ ਘਾਤਕ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 511 ਹੋ ਗਈ ਹੈ । ਕੱਲ੍ਹ ਯਾਨੀ ਕਿ ਸੋਮਵਾਰ ਨੂੰ ਇਸ ਵਾਇਰਸ ਨਾਲ ਪੀੜਤ 103 ਮਰੀਜ਼ ਸਾਹਮਣੇ ਆਏ । ਇਸ ਵਾਇਰਸ ਕਾਰਨ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਵਾਇਰਸ ਕਾਰਨ ਮਹਾਂਰਾਸ਼ਟਰ ਵਿੱਚ ਸਭ ਤੋਂ ਵੱਧ 89 ਲੋਕ ਸੰਕਰਮਿਤ ਹੋਏ ਹਨ । ਮਹਾਂਰਾਸ਼ਟਰ ਤੋਂ ਬਾਅਦ ਕੇਰਲ ਵਿੱਚ 60 ਲੋਕ ਸੰਕਰਮਿਤ ਹੋਏ ਹਨ, ਜਿਸ ਵਿੱਚ ਇੱਕ ਵੀ ਮੌਤ ਨਹੀਂ ਹੋਈ ਹੈ । ਇਸ ਮਾਰੂ ਵਾਇਰਸ ਨੂੰ ਰੋਕਣ ਲਈ 30 ਰਾਜਾਂ ਨੂੰ ਲਾਕ ਡਾਊਨ ਕਰ ਦਿੱਤਾ ਗਿਆ ਹੈ । ਪੰਜਾਬ, ਮਹਾਂਰਾਸ਼ਟਰ ਅਤੇ ਚੰਡੀਗੜ੍ਹ ਵਿੱਚ ਕਰਫਿਊ ਲਗਾਇਆ ਗਿਆ ਹੈ ।