Messi donates one million euros: ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨੇਲ ਮੇਸੀ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਬਾਰਸੀਲੋਨਾ ਦੇ ਇੱਕ ਹਸਪਤਾਲ ਨੂੰ 10 ਲੱਖ ਯੂਰੋ ਯਾਨੀ ਕਿ 8 ਕਰੋੜ ਰੁਪਏ ਦਾਨ ਦਿੱਤੇ ਹਨ । ਗੋਲ ਡਾਟ ਕਾਮ ਦੀ ਰਿਪੋਰਟ ਦੇ ਅਨੁਸਾਰ ਮੈਸੀ ਨੇ ਇਹ ਰਾਸ਼ੀ ਹਸਪਤਾਲ ਦੇ ਕਲੀਨਿਕਾਂ ਅਤੇ ਜਨਤਕ ਹਸਪਤਾਲਾਂ ਨੂੰ ਦਿੱਤੀ ਹੈ, ਜਿਸਦੀ ਪੁਸ਼ਟੀ ਖੁਦ ਹਸਪਤਾਲ ਵੱਲੋਂ ਟਵਿੱਟਰ ‘ਤੇ ਕੀਤੀ ਗਈ ਹੈ ।
ਮੇਸੀ ਦੇ ਪਹਿਲੇ ਬਾਰਸੀਲੋਨਾ ਮੈਨੇਜਰ ਪੈਪ ਗਾਰਡੀਓਲਾ ਨੇ ਵੀ ਬਾਰਸੀਲੋਨਾ ਸਥਿਤ ਇੱਕ ਐਨਜੀਓ ਨੂੰ ਜ਼ਰੂਰੀ ਡਾਕਟਰੀ ਸਪਲਾਈ ਖਰੀਦਣ ਲਈ 10 ਲੱਖ ਯੂਰੋ ਦਿੱਤੇ ਹਨ । ਮੈਸੀ ਤੋਂ ਇਲਾਵਾ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਅਤੇ ਜੋਰਜ ਮੈਂਡੇਜ਼ ਨੇ ਵੀ ਲਿਸਬਨ ਅਤੇ ਪੋਟਰੇ ਦੇ ਹਸਪਤਾਲਾਂ ਨੂੰ 10-10ਲੱਖ ਯੂਰੋ ਦਾਨ ਕੀਤੇ ਹਨ ।
ਮੇਸੀ ਅਤੇ ਭਾਰਤੀ ਕਪਤਾਨ ਸੁਨੀਲ ਛੇਤਰੀ ਸਮੇਤ 28 ਸਾਬਕਾ ਅਤੇ ਮੌਜੂਦਾ ਫੁੱਟਬਾਲਰਾਂ ਨੂੰ ਫੁੱਟਬਾਲ ਦੀ ਰੈਗੂਲੇਟਰੀ ਸੰਸਥਾ ਫੀਫਾ ਵੱਲੋਂ ਕੋਵਿਡ-19 ਮਹਾਂਮਾਰੀ ਵਿਰੁੱਧ ਮੁਹਿੰਮ ਵਿੱਚ ਸ਼ਾਮਿਲ ਕੀਤਾ ਗਿਆ ਹੈ । ਫੀਫਾ ਅਤੇ ਵਿਸ਼ਵ ਸਿਹਤ ਸੰਗਠਨ (WHO) ਨੇ ਸਾਂਝੇ ਤੌਰ ‘ਤੇ ਕੋਰੋਨਾ ਵਾਇਰਸ ਵਿਰੁੱਧ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਇਹ ਮਸ਼ਹੂਰ ਫੁੱਟਬਾਲਰ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਅ ਲਈ ਪੰਜ ਜ਼ਰੂਰੀ ਕਦਮ ਚੁੱਕਣ ਦੀ ਬੇਨਤੀ ਕਰ ਰਹੇ ਹਨ ।