ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਮੁਖੀ ਟੇਡ੍ਰੇਸ ਅਧਨੋਮ ਘੇਬਰੇਸਸ ਨੇ ਕੋੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਬਾਰੇ ਦੁਨੀਆ ਨੂੰ ਖ਼ਬਰਦਾਰ ਕੀਤਾ ਹੈ। ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਵਧਦੇ ਕਹਿਰ ਦੌਰਾਨ ਉਨ੍ਹਾਂ ਕਿਹਾ ਕਿ ਮੰਦੇਭਾਗੀ ਅਸੀਂ ਹੁਣ ਤੀਜੀ ਲਹਿਰ ਦੇ ਮੁੱਢਲੇ ਦੌਰ ‘ਚ ਹਾਂ।
ਟੇਡ੍ਰੋਸ ਨੇ ਕਿਹਾ ਕਿ ਸਮਾਜਿਕ ਸਰਗਰਮੀਆਂ ਦੇ ਵਧਣ ਤੇ ਰੋਕਥਾਮ ਦੇ ਉਪਾਵਾਂ ਦੀ ਗ਼ੈਰ ਸੰਗਤ ਵਰਤੋਂ ਕਾਰਨ ਡੈਲਟਾ ਵੇਰੀਐਂਟ ਦੇ ਪੈਰ ਪਸਾਰਣ ਦੇ ਨਾਲ ਹੀ ਨਵੇਂ ਮਾਮਲਿਆਂ ਤੇ ਮਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੈਲਟਾ ਵੇਰੀਐਂਟ ਹੁਣ 111 ਦੇਸ਼ਾਂ ‘ਚ ਪਹੁੰਚ ਗਿਆ ਹੈ ਤੇ ਛੇਤੀ ਹੀ ਪੂਰੀ ਦੁਨੀਆ ‘ਚ ਹਾਵੀ ਹੋ ਸਕਦਾ ਹੈ। ਟੇਡ੍ਰੋਸ ਨੇ ਟੀਕਾਕਰਨ ਮੁਹਿੰਮ ‘ਚ ਤੇਜ਼ੀ ਲਿਆਉਣ ਦੀ ਅਪੀਲ ਕਰਦੇ ਹੋਏ ਦੁਹਰਾਇਆ ਕਿ ਹਰ ਦੇਸ਼ ‘ਚ ਸਤੰਬਰ ਤਕ ਦਸ ਫ਼ੀਸਦੀ ਅਬਾਦੀ ਦਾ ਟੀਕਾਕਰਨ ਪੂਰਾ ਹੋ ਜਾਣਾ ਚਾਹੀਦਾ ਹੈ। ਜਦਕਿ ਸਾਲ ਦੇ ਅਖ਼ੀਰ ਤਕ 40 ਫ਼ੀਸਦੀ ਅਬਾਦੀ ਨੂੰ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੱਗ ਜਾਣੀਆਂ ਚਾਹੀਦੀਆਂ ਹਨ।
ਨਿਊਜ਼ ਏਜੰਸੀ ਏਪੀ ਮੁਤਾਬਕ ਡਬਲਯੂਐੱਚਓ ਨੇ ਦੱਸਿਆ ਕਿ ਆਲਮੀ ਪੱਧਰ ‘ਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਨੌਂ ਹਫ਼ਤੇ ਤੋਂ ਗਿਰਾਵਟ ਆ ਰਹੀ ਸੀ, ਪਰ ਬੀਤੇ ਹਫ਼ਤੇ ਇਸ ‘ਚ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਹਫ਼ਤੇ ਤਿੰਨ ਫ਼ੀਸਦੀ ਦੇ ਵਾਧੇ ਨਾਲ 55 ਹਜ਼ਾਰ ਤੋਂ ਵੱਧ ਪੀੜਤਾਂ ਦੀ ਮੌਤ ਹੋਈ ਹੈ। ਜਦਕਿ ਇਸ ਸਮੇਂ ‘ਚ ਕੋਰੋਨਾ ਦੇ ਨਵੇਂ ਮਾਮਲੇ ਵੀ ਦਸ ਫ਼ੀਸਦੀ ਵਧ ਗਏ। ਬੀਤੇ ਹਫ਼ਤੇ ਦੁਨੀਆ ‘ਚ ਕਰੀਬ 30 ਲੱਖ ਨਵੇਂ ਮਾਮਲੇ ਪਾਏ ਗਏ। ਬ੍ਰਾਜ਼ੀਲ, ਇੰਡੋਨੇਸ਼ੀਆ ਤੇ ਬਰਤਾਨੀਆ ਵਰਗੇ ਦੇਸ਼ਾਂ ‘ਚ ਇਨਫੈਕਸ਼ਨ ਵਧਣ ‘ਤੇ ਇਹ ਉਛਾਲ ਆ ਰਿਹਾ ਹੈ।