WHO issues warning: ਜਿਨੇਵਾ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਤੇ ਡਰ ਦੇਖਣ ਨੂੰ ਮਿਲ ਰਿਹਾ ਹੈ । ਇਸ ਵਾਇਰਸ ਕਾਰਨ ਬਹੁਤ ਸਾਰੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਇਸੇ ਸਬੰਧ ਵਿੱਚ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਸੋਮਵਾਰ ਨੂੰ ਚੇਤਾਵਨੀ ਦਿੱਤੀ ਗਈ ਹੈ । ਜਿਸ ਵਿੱਚ WHO ਨੇ ਕਿਹਾ ਕਿ COVID-19 ਦੇ ਇਲਾਜ ਵਿੱਚ ਬਿਨ੍ਹਾਂ ਪ੍ਰੀਖਣ ਵਾਲਿਆਂ ਦਵਾਈਆਂ ਦੀ ਵਰਤੋਂ ਖ਼ਤਰਨਾਕ ਹੋ ਸਕਦੀ ਹੈ ਅਤੇ ਝੂਠੀਆਂ ਉਮੀਦਾਂ ਨੂੰ ਵਧਾ ਸਕਦੀ ਹੈ ।
ਇਸ ਸਬੰਧੀ WHO ਦੇ ਮੁਖੀ ਟੀ.ਏ. ਗੈਬ੍ਰਾਏਜ਼ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਬਿਨ੍ਹਾਂ ਸਹੀ ਸਬੂਤਾਂ ਤੋਂ ਬਿਨ੍ਹਾਂ ਪ੍ਰੀਖਣ ਵਾਲੀਆਂ ਦਵਾਈਆਂ ਦੀ ਵਰਤੋਂ ਗਲਤ ਉਮੀਦਾਂ ਪੈਦਾ ਕਰ ਸਕਦੀ ਹੈ ਅਤੇ ਲਾਭ ਨਾਲੋਂ ਵਧੇਰੇ ਨੁਕਸਾਨ ਕਰ ਸਕਦੀ ਹੈ । ਇਸ ਨਾਲ ਜ਼ਰੂਰੀ ਦਵਾਈਆਂ ਦੀ ਘਾਟ ਹੋ ਸਕਦੀ ਹੈ, ਜਿਨ੍ਹਾਂ ਦੀ ਜ਼ਰੂਰਤ ਹੋਰ ਬਿਮਾਰੀਆਂ ਦੇ ਇਲਾਜ ਵਿੱਚ ਹੁੰਦੀ ਹੈ।
ਦੱਸ ਦੇਈਏ ਕਿ ਵਿਸ਼ਵ ਸਿਹਤ ਸੰਗਠਨ (WHO) ਨੇ ਉਮੀਦ ਜਤਾਈ ਹੈ ਕਿ ਭਾਰਤ ਨੂੰ ਕੋਰੋਨਾ ਵਾਇਰਸ ਵਿਰੁੱਧ ਲੜਾਈ ਦੀ ਅਗਵਾਈ ਕਰਨੀ ਚਾਹੀਦੀ ਹੈ । WHO ਨੇ ਕਿਹਾ ਹੈ ਕਿ ਕੋਵਿਡ -19 ਵਿਰੁੱਧ ਲੜਾਈ ਦਾ ਭਵਿੱਖ ਵੱਡੇ ਪੱਧਰ ‘ਤੇ ਇਹ ਤੈਅ ਕੀਤਾ ਜਾਵੇਗਾ ਕਿ ਭਾਰਤ ਵਰਗੇ ਘਣੀ ਆਬਾਦੀ ਵਾਲੇ ਤੇ ਵੱਡੇ ਦੇਸ਼ ਕਿਹੜੇ ਕਦਮ ਚੁੱਕ ਰਹੇ ਹਨ ।
ਉੱਥੇ ਹੀ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਸੰਸਥਾ ਨੇ ਚੇਚਕ ਅਤੇ ਪੋਲੀਓ ਵਰਗੀਆਂ ਘਾਤਕ ਬਿਮਾਰੀਆਂ ਦੇ ਖਾਤਮੇ ਲਈ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਮਨੁੱਖਤਾ ਲਈ ਸਭ ਤੋਂ ਵੱਡਾ ਤੋਹਫ਼ਾ ਦੱਸਿਆ । ਇਸ ਦੇ ਨਾਲ ਹੀ ਡਬਲਯੂਐਚਓ ਨੇ ਕਿਹਾ ਕਿ ਇਸ ਲੜਾਈ ਦੀ ਅਗਵਾਈ ਕਰਦਿਆਂ ਭਾਰਤ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਕੀ ਹੋਣਾ ਚਾਹੀਦਾ ਹੈ ਅਤੇ ਇਹ ਕਿਵੇਂ ਹੋ ਸਕਦਾ ਹੈ ।