ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਲੋਕਾਂ ਵਿੱਚ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਚਾਰ ਮਹੀਨਿਆਂ ਬਾਅਦ, ਇੱਕ ਦਿਨ ਵਿੱਚ ਸਭ ਤੋਂ ਵੱਧ ਕੋਰੋਨਾ ਸੰਕਰਮਣ ਦੇ ਮਾਮਲਿਆਂ ਨੇ ਕੇਂਦਰ ਸਰਕਾਰ ਤੋਂ ਲੈ ਕੇ ਸੂਬਾ ਸਰਕਾਰਾਂ ਤਕ ਪਰੇਸ਼ਾਨ ਕਰ ਰੱਖ ਦਿੱਤਾ ਹੈ। ਦਰਅਸਲ, ਪਿਛਲੇ ਕੁਝ ਹਫ਼ਤਿਆਂ ਵਿੱਚ, ਕੋਵਿਡ -19 ਨਾਲ ਸਬੰਧਤ ਮਾਮਲਿਆਂ ਦੀ ਗਿਣਤੀ ਵਿੱਚ ਤੇਜ਼ੀ ਆਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ H3N2 ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ। ਇਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ 6 ਸੂਬਿਆਂ ਨੂੰ ਸੂਖਮ ਪੱਧਰ ‘ਤੇ ਸਥਿਤੀ ਦੀ ਨਿਗਰਾਨੀ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ।
ਕੇਂਦਰੀ ਸਿਹਤ ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ, ਵੀਰਵਾਰ (16 ਮਾਰਚ) ਨੂੰ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 754 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿੱਚ ਸਰਗਰਮ ਕੋਰੋਨਾ ਮਾਮਲਿਆਂ ਦੀ ਕੁੱਲ ਗਿਣਤੀ 4,623 ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 12 ਨਵੰਬਰ ਨੂੰ ਇੱਕ ਦਿਨ ਵਿੱਚ ਕੋਰੋਨਾ ਇਨਫੈਕਸ਼ਨ ਦੇ 734 ਮਾਮਲੇ ਸਾਹਮਣੇ ਆਏ ਸਨ।
ਇਨ੍ਹਾਂ 6 ਸੂਬਿਆਂ ਨੂੰ ਜਾਰੀ ਕੀਤਾ ਗਿਆ ਹੈ ਅਲਰਟ
ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ 6 ਸੂਬਿਆਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਕਰਨਾਟਕ, ਮਹਾਰਾਸ਼ਟਰ, ਗੁਜਰਾਤ, ਤੇਲੰਗਾਨਾ, ਤਾਮਿਲਨਾਡੂ ਤੇ ਕੇਰਲ ਵਿੱਚ ਕੋਰੋਨਾ ਸੰਕਰਮਣ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਂਚ, ਨਿਗਰਾਨੀ ਅਤੇ ਰੋਕਥਾਮ ਲਈ ਉਪਾਵਾਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਮਹਾਰਾਸ਼ਟਰ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਸੰਕਰਮਣ ਦੇ ਮਾਮਲੇ 355 ਤੋਂ ਵੱਧ ਕੇ 668 ਹੋ ਗਏ ਹਨ। ਗੁਜਰਾਤ ਵਿੱਚ ਕੋਵਿਡ -19 ਦੇ ਮਾਮਲੇ 105 ਤੋਂ ਵੱਧ ਕੇ 279, ਤੇਲੰਗਾਨਾ ਵਿੱਚ 132 ਤੋਂ 267, ਤਾਮਿਲਨਾਡੂ ਵਿੱਚ 170 ਤੋਂ 258 ਅਤੇ ਕੇਰਲ ਵਿੱਚ 434 ਤੋਂ 579 ਹੋ ਗਏ ਹਨ। ਇਸ ਦੇ ਨਾਲ ਹੀ ਕਰਨਾਟਕ ਵਿੱਚ ਸੰਕਰਮਣ ਦੇ ਮਾਮਲੇ 493 ਤੋਂ ਵੱਧ ਕੇ 604 ਹੋ ਗਏ ਹਨ। ਭੂਸ਼ਣ ਨੇ ਕਿਹਾ ਕਿ ਸੂਬਾ ਸਰਕਾਰਾਂ ਨੂੰ ਪੰਜ ਗੁਣਾ ਰਣਨੀਤੀ ਤਹਿਤ ਟੈਸਟ, ਇਲਾਜ, ਟਰੈਕ, ਕੋਵਿਡ ਉਚਿਤ ਵਿਵਹਾਰ, ਟੀਕਾਕਰਨ ਦੀ ਰਣਨੀਤੀ ਦੀ ਪਾਲਣਾ ਕਰਨੀ ਚਾਹੀਦੀ ਹੈ।