ਹੁਣ ਵੈਕਸੀਨ ਆਉਣ ਕਾਰਨ ਕੋਰੋਨਾਵਾਇਰਸ ਦੇ ਖ਼ਤਮ ਹੋਣ ਦੀ ਉਮੀਦ ਹੈ। ਵਿਸ਼ਵ ਵਿੱਚ ਕੋਰੋਨਾ ਵੈਕਸੀਨ ਦੇਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਬ੍ਰਿਟੇਨ ‘ਚ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਪ੍ਰਕਿਰਿਆ ਅਧਿਕਾਰਤ ਤੌਰ ‘ਤੇ ਸ਼ੁਰੂ ਹੋ ਗਈ ਹੈ। ਇਸ ਦੌਰਾਨ ਉੱਤਰੀ ਆਇਰਲੈਂਡ ਦੀ ਇਕ 90 ਸਾਲਾਂ ਦੀ ਔਰਤ ਯੂਕੇ ਦੇ ਵਿਸ਼ਾਲ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਵੇਲੇ ਫਾਈਜ਼ਰ/ਬਾਇਓਨਟੈਕ ਕੋਵਿਡ ਵੈਕਸੀਨ ਲਗਾਉਣ ਵਾਲੀ ਦੁਨੀਆ ਦੀ ਪਹਿਲੀ ਵਿਅਕਤੀ ਬਣ ਗਈ ਹੈ।
ਉੱਤਰੀ ਆਇਰਲੈਂਡ ਦੀ 90 ਸਾਲਾ ਔਰਤ ਮਾਰਗਰੇਟ ਕੀਨਨ ਨੂੰ ਇਕ ਅਜ਼ਮਾਇਸ਼ ਦੇ ਅਧਾਰ ‘ਤੇ ਦੁਨੀਆ ‘ਚ ਪਹਿਲੀ ਕੋਰੋਨਾਵਾਇਰਸ ਵੈਕਸੀਨ ਦਿੱਤੀ ਗਈ ਹੈ। ਐਨੀਸਕਿਲਨ ਦੀ ਮਾਰਗਰੇਟ ਕੀਨਨ ਨੇ ਕਿਹਾ ਹੈ ਕਿ ਉਹ ਕੋਵੈਂਟਰੀ ਦੇ ਯੂਨੀਵਰਸਿਟੀ ਹਸਪਤਾਲ ਵਿਖੇ ਕੋਰੋਨਾਵਾਇਰਸ ਵੈਕਸੀਨ ਲਗਵਾ ਕੇ ਆਪਣੇ ਆਪ ‘ਤੇ ਮਾਣ ਮਹਿਸੂਸ ਕਰਦੀ ਹੈ। ਦਰਅਸਲ, ਯੂਕੇ ‘ਚ 80 ਸਾਲ ਤੋਂ ਵੱਧ ਉਮਰ ਦੇ ਨਾਲ-ਨਾਲ ਕੁਝ ਸਿਹਤ ਅਤੇ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੂੰ ਵੈਕਸੀਨ ਲਗਾਈ ਜਾਵੇਗੀ। ਇਸ ਦਾ ਉਦੇਸ਼ ਹਰ ਇੱਕ ਦੀ ਜ਼ਿੰਦਗੀ ਨੂੰ ਫਿਰ ਤੋਂ ਆਮ ਬਣਾਉਣਾ ਹੈ।
ਦਸ ਦਈਏ ਕਿ ਬ੍ਰਿਟੇਨ ਵਿੱਚ ਕੇਅਰ ਹੋਮਜ਼ ਵਿੱਚ ਰਹਿਣ ਵਾਲੇ ਲੋਕਾਂ ਅਤੇ ਕਰਮਚਾਰੀਆਂ ਨੂੰ ਵੈਕਸੀਨ ਲਗਾਈ ਜਾਵੇਗੀ। ਇਸ ਤੋਂ ਬਾਅਦ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਸਿਹਤ ਕਰਮਚਾਰੀਆਂ ਨੂੰ ਵੈਕਸੀਨ ਦਿੱਤੀ ਜਾਵੇਗੀ। ਫਿਰ 75 ਸਾਲ ਤੋਂ ਉਪਰ ਦੇ ਬਜ਼ੁਰਗਾਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ। ਇਸ ਤੋਂ ਬਾਅਦ 70 ਸਾਲ ਅਤੇ ਫਿਰ 65 ਸਾਲ ਤੋਂ ਉਪਰ ਦੇ ਲੋਕਾਂ ਨੂੰ ਇਹ ਟੀਕਾ ਲਗਾਇਆ ਜਾਵੇਗਾ। ਬਾਅਦ ‘ਚ 18 ਤੋਂ 65 ਸਾਲ ਦੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ‘ਚ ਜੋਖਮ ਵਧੇਰੇ ਹੈ, ਨੂੰ ਵੈਕਸੀਨ ਦੇ ਅਧੀਨ ਰੱਖਿਆ ਜਾਵੇਗਾ। ਫਿਰ ਉਹ ਲੋਕ ਜੋ 18 ਤੋਂ 65 ਸਾਲਾਂ ਦੇ ਵਿਚਕਾਰ ਹਨ ਜਿਨ੍ਹਾਂ ਵਿੱਚ ਜੋਖਮ ਥੋੜ੍ਹਾ ਘੱਟ ਹੈ, ਉਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ।