ਕੋਰੋਨਾ ਵਾਇਰਸ ਤੇ ਵੈਕਸੀਨ ਨੂੰ ਲੈ ਕੇ ਪ੍ਰੈੱਸ ਕਾਨਫਰੰਸ ’ਚ ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਦੁਨੀਆ ’ਚ ਕੋਰੋਨਾ ਨੂੰ ਲੈ ਕੇ ਹਾਲੇ ਵੀ ਚਿੰਤਾਜਨਕ ਸਥਿਤੀ ਹੈ। ਇਕ ਦਿਨ 4 ਲੱਖ ਨਵੇਂ ਮਾਮਲੇ ਸਾਹਮਣੇ ਆਏ, ਬਿ੍ਰਟੇਨ ’ਚ 68,000 ਨਵੇਂ ਕੇਸ, ਬ੍ਰਾਜ਼ੀਲ ’ਚ 87,000 ਅਤੇ ਰੂਸ ’ਚ 29,000 ਨਵੇਂ ਸਾਹਮਣੇ ਆਏ ਹਨ। ਭਾਰਤ ’ਚ 12,584 ਨਵੇਂ ਮਾਮਲੇ ਰਿਪੋਰਟ ਹੋਏ ਹਨ। ਭਾਰਤ ’ਚ ਫਿਲਹਾਲ 2,16558 ਐਕਟਿਵ ਕੇਸ ਹਨ। ਭਾਰਤ ’ਚ ਕੋਰੋਨਾ ਦੇ ਕੁੱਲ ਕੇਸ 1.04 ਕਰੋੜ ਹਨ, ਐਕਟਿਵ ਕੇਸ 2.16 ਲੱਖ ਹਨ। 1.51 ਲੱਖ ਲੋਕਾਂ ਦੀ ਮੌਤ ਹੋਈ ਹੈ। ਪ੍ਰਤੀ ਲੱਖ ਦੀ ਆਬਾਦੀ ’ਚ 7,593 ਨਵੇਂ ਮਾਮਲੇ ਰਿਪੋਰਟ ਹੋਏ ਹਨ।
ਵੈਕਸੀਨ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਹੈ ਕਿ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਦੀ ਵੈਕਸੀਨ ਨੂੰ ਭਾਰਤ ’ਚ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲੀ ਹੈ। ਜਨਵਰੀ ’ਚ ਜਾਯਡਸ ਕੈਡਿਲਾ ਦੇ ਤੀਸਰੇ ਪੜਾਅ ਦਾ ਟ੍ਰਾਇਲ ਸ਼ੁਰੂ ਹੋਵੇਗਾ, ਸਪੁਤਨਿਕ ਵੀ ਦਾ ਦੂਸਰੇ ਅਤੇ ਤੀਸਰੇ ਪੜਾਅ ਦਾ ਟ੍ਰਾਈਲ ਜਾਰੀ ਹੈ। ਬਾਇਓਲਾਜੀਕਲ ਈ ਦਾ ਪਹਿਲੇ ਪੜਾਅ ਦਾ ਟ੍ਰਾਈਲ ਚੱਲ ਰਿਹਾ ਹੈ। ਜੇਨੋਵਾ ਦੇ ਪਹਿਲੇ ਪੜਾਅ ਦੇ ਟ੍ਰਾਈਲ ਨੂੰ ਆਗਿਆ ਮਿਲੀ ਹੈ। ਦੁਨੀਆ ਦੇ ਦੂਸਰੇ ਦੇਸ਼ਾਂ ਦੇ ਅਲੱਗ-ਅਲੱਗ ਵੈਕਸੀਨ ਦੀ ਕੀਮਤ ਤੇ ਉਸਦੀ ਸਟੋਰੇਜ ਲਈ ਤਾਪਮਾਨ ਦੀ ਜਾਣਕਾਰੀ ਸਿਹਤ ਮੰਤਰਾਲੇ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸੀਰਮ ਇੰਸਟੀਚਿਊਟ ਨਾਲ ਭਾਰਤ ਸਰਕਾਰ ਨੇ ਵੈਕਸੀਨ ਦੇ 110 ਲੱਖ ਦੇ ਫਿਲਹਾਲ ਆਰਡਰ ਦਿੱਤੇ ਹਨ। ਇਸਦੀ ਕੀਮਤ 200 ਰੁਪਏ ਪ੍ਰਤੀ ਡੋਜ਼ ਹੋਵੇਗੀ।
ਭਾਰਤ ਬਾਇਓਟੈਕ ਨਾਲ ਕੋਵੈਕਸੀਨ ਦੀ 55 ਲੱਖ ਡੋਜ਼ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ’ਚੋਂ 38.50 ਲੱਖ ਡੋਜ਼ ਦੀ ਕੀਮਤ 295 ਰੁਪਏ ਪ੍ਰਤੀ ਡੋਜ਼ ਹੈ। ਭਾਰਤ ਬਾਇਓਟੈਕ ਇਕ ਵਿਸ਼ੇਸ਼ ਭੇਟ ਦੇ ਰੂਪ ’ਚ ਕੇਂਦਰੀ ਸਰਕਾਰ ਨੂੰ ਕੋਵਾਕਿਸਨ ਦੀ 16.50 ਲੱਖ ਖ਼ੁਰਾਕ ਮੁਫ਼ਤ ਪ੍ਰਦਾਨ ਕਰੇਗਾ।
ਉਨ੍ਹਾਂ ਨੇ ਕਿਹਾ ਕਿ ਫਾਈਜ਼ਰ ਦੀ ਵੈਕਸੀਨ ਨੂੰ ਅਨੇਕਾਂ ਦੇਸ਼ਾਂ ’ਚ ਐਮਰਜੈਂਸੀ ਪ੍ਰਯੋਗ ਦੀ ਆਗਿਆ ਮਿਲੀ ਹੈ, ਇਸਦਾ ਪ੍ਰਤੀ ਡੋਜ਼ 1400 ਰੁਪਏ ਤੋਂ ਵੱਧ ਹੈ। ਮਾਡਰਨਾ ਦੀ ਵੈਕਸੀਨ ਦਾ ਇਕ ਡੋਜ਼ 2,300-2,700 ਰੁਪਏ ’ਚ ਉਪਲੱਬਧ ਹੈ।
ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪਾਲ ਨੇ ਕਿਹਾ ਕਿ ਇਕ ਵੈਕਸੀਨੇਸ਼ਨ ਟੀਮ ’ਚ 5 ਮੈਂਬਰ ਹੋਣਗੇ, ਇਨ੍ਹਾਂ ’ਚੋਂ ਇਕ ਵੈਕਸੀਨ ਦੇਣ ਵਾਲਾ, 4 ਹੋਰ ਮੈਂਬਰ ਮਦਦ ਕਰਨ ਵਾਲੇ ਹੋਣਗੇ। ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਰਨਾਲ, ਕੋਲਕਾਤਾ, ਚੇਨੱਈ ਅਤੇ ਮੁੰਬਈ ’ਚ 4 ਵੱਡੇ ਸਟੋਰ ਹਨ, ਜਿਥੇ ਵੈਕਸੀਨ ਸਟੋਰ ਕੀਤੀ ਜਾ ਰਹੀ ਹੈ।