ਨਵੀਂ ਦਿੱਲੀ: ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਕਾਂਗਰਸ ਦੀ ਅੰਤਰਿਮ ਪ੍ਰਧਾਨ ਬਣਾਇਆ ਗਿਆ ਹੈ। ਦੇਰ ਰਾਤ ਤਕ ਚੱਲੀ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਬੈਠਕ ਵਿੱਚ ਪਾਰਟੀ ਦੇ ਸੀਨੀਅਰ ਲੀਡਰ ਪੀ ਚਿਦੰਮਬਰਮ ਦੇ ਪ੍ਰਸਤਾਵ ‘ਤੇ ਸਾਰੇ ਲੀਡਰਾਂ ਨੇ ਇੱਕਸੁਰ ਹੋ ਕੇ ਸੋਨੀਆ ਗਾਂਧੀ ਨੂੰ ਅੰਤਰਿਮ ਪ੍ਰਧਾਨ ਚੁਣਨ ਦਾ ਸਮਰਥਨ ਕੀਤਾ। ਸੋਨੀਆ ਗਾਂਧੀ ਨਵੇਂ ਪ੍ਰਧਾਨ ਚੁਣੇ ਜਾਣ ਤਕ ਇਹ ਜ਼ਿੰਮੇਵਾਰੀ ਨਿਭਾਉਣਗੇ।
ਕੱਲ੍ਹ ਦੋ ਵਾਰ ਹੋਈ ਬੈਠਕ ਵਿੱਚ ਤਿੰਨ ਮਤੇ ਵੀ ਪਾਸ ਕੀਤੇ ਗਏ। ਇੱਕ ਮਤੇ ਵਿੱਚ ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਵਜੋਂ ਕੀਤੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ, ਦੂਸਰੇ ਵਿੱਚ ਸੋਨੀਆ ਗਾਂਧੀ ਦੀ ਅੰਤਰਿਮ ਪ੍ਰਧਾਨ ਵਜੋਂ ਨਿਯੁਕਤੀ ਤੇ ਤੀਜੇ ਪ੍ਰਸਤਾਵ ਵਿੱਚ ਜੰਮੂ-ਕਸ਼ਮੀਰ ਦੀ ਸਥਿਤੀ ਦਾ ਜ਼ਿਕਰ ਕੀਤਾ ਗਿਆ ਹੈ। ਸੋਨੀਆ ਗਾਂਧੀ 14 ਮਾਰਚ, 1998 ਤੋਂ 16 ਦਸੰਬਰ, 2017 ਤੱਕ ਕਾਂਗਰਸ ਦੇ ਪ੍ਰਧਾਨ ਰਹੇ ਹਨ ਤੇ ਉਨ੍ਹਾਂ ਦੀ ਅਗਵਾਈ ਵਿੱਚ ਪਾਰਟੀ 2004 ਤੋਂ 2014 ਤਕ ਕੇਂਦਰ ਵਿੱਚ ਸੱਤਾ ਵਿੱਚ ਰਹੀ ਸੀ।
ਸੋਨੀਆ ਗਾਂਧੀ ਨੂੰ ਅੰਤਰਿਮ ਪ੍ਰਧਾਨ ਬਣਾਉਣ ਕਦਮ ਨੌਜਵਾਨ ਤੇ ਤਜ਼ਰਬੇਕਾਰ ਲੀਡਰਾਂ ਵਿਚਾਲੇ ਮੇਲ ਦੱਸਦਿਆਂ ਪਾਰਟੀ ਨੂੰ ਅੱਗੇ ਲਿਜਾਣ ਦੀ ਰਣਨੀਤੀ ਵਜੋਂ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੰਮ ਕਰ ਰਹੇ ਨੌਜਵਾਨ ਲੀਡਰਾਂ ਨੂੰ ਸੋਨੀਆ ਦੇ ਅਧੀਨ ਕੰਮ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਹੋਏਗੀ ਤੇ ਤਜ਼ਰਬੇਕਾਰ ਨੇਤਾਵਾਂ ਨੂੰ ਸੋਨੀਆ ਦੀ ਅਗਵਾਈ ਵਿੱਚ ਕੰਮ ਕਰਨ ਦਾ ਪਹਿਲਾਂ ਹੀ ਲੰਮਾ ਤਜਰਬਾ ਹੈ।