ਨਵਾਂਸ਼ਹਿਰ, ): ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸੰਦੇਸ਼ ਦੇਣ ਅਤੇ ਲੋਕਾਂ ਵਿੱਚ ਕਾਨੂੰਨ ਅਤੇ ਵਿਵਸਥਾ ਦਾ ਭਰੋਸਾ ਬਰਕਰਾਰ ਰੱਖਣ ਲਈ ਡੀ. ਸੀ. ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ.ਐਸ.ਪੀ. ਭਾਗੀਰਥ ਸਿੰਘ ਮੀਣਾ ਦੀ ਅਗਵਾਈ ਵਿੱਚ ਨਵਾਂਸ਼ਹਿਰ ਵਿੱਚ ਅੱਜ ਹਥਿਆਰਬੰਦ ਜ਼ਿਲ੍ਹਾ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ ਸਮੇਤ ਇੱਕ ਵਿਸ਼ਾਲ ਫਲੈਗ ਮਾਰਚ ਕੱਢਿਆ ਗਿਆ।
ਪੁਰਾਣੇ ਐਸ.ਐਸ.ਪੀ. ਦਫ਼ਤਰ ਤੋਂ ਸ਼ੁਰੂ ਹੋ ਕੇ ਇਹ ਮਾਰਚ ਪੁਰਾਣੇ ਸ਼ਹਿਰ ਰੇਲਵੇ ਰੋਡ ਤੋਂ ਆਰੀਆ ਸਮਾਜ ਰੋਡ, ਗੁਰਦੁਆਰਾ ਮੰਜੀ ਸਾਹਿਬ, ਗੜ੍ਹਸ਼ੰਕਰ ਰੋਡ, ਮਹਿੰਦੀਪੁਰ, ਕੁਲਾਮ ਰੋਡ ਤੋਂ ਚੰਡੀਗੜ੍ਹ ਚੌਕ, ਨਵਾਂਸ਼ਹਿਰ ਹੁੰਦਾ ਹੋਇਆ ਸਮਾਪਤ ਹੋਇਆ।
ਹਥਿਆਰਬੰਦ ਸੈਨਾਵਾਂ ਦੇ ਮਾਰਚ ਦੀ ਅਗਵਾਈ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਰੰਧਾਵਾ ਨੇ ਕਿਹਾ ਕਿ ਫਲੈਗ ਮਾਰਚ ਦਾ ਮੁੱਖ ਮੰਤਵ ਸ਼ਰਾਰਤੀ ਅਨਸਰਾਂ ’ਚ ਕਾਨੂੰਨ ਦਾ ਭੈਅ, ਆਮ ਲੋਕਾਂ ਵਿੱਚ ਸੁਰੱਖਿਆ ਅਤੇ ਅਮਨ-ਕਾਨੂੰਨ ਦੇ ਮਾਹੌਲ ਨੂੰ ਬਣਾਈ ਰੱਖਣ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ ਦੀ ਅਗਵਾਈ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿੱਚ ਕਾਨੂੰਨ ਦਾ ਡਰ ਕਾਇਮ ਰੱਖਣ ਲਈ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਜੋ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਵਾਲਾ ਮਾਹੌਲ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਝੂਠੀਆਂ ਖ਼ਬਰਾਂ ’ਤੇ ਯਕੀਨ ਨਹੀਂ ਕਰਨਾ ਚਾਹੀਦਾ ਅਤੇ ਪੁਲਿਸ ਫੋਰਸ ’ਤੇ ਭਰੋਸਾ ਕਰਕੇ ਪ੍ਰਸ਼ਾਸਨ ਦਾ ਸਮਰਥਨ ਕਰਨਾ ਚਾਹੀਦਾ ਹੈ।
ਐਸ.ਐਸ.ਪੀ. ਭਾਗੀਰਥ ਸਿੰਘ ਮੀਣਾ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਪੁਲਿਸ ਹਰ ਕੀਮਤ ’ਤੇ ਜ਼ਿਲ੍ਹੇ ਵਿੱਚ ਅਮਨ-ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਆਪਣੀ ਚੌਕਸੀ ਅਤੇ ਮੌਜੂਦਗੀ ਦਾ ਭਰੋਸਾ ਦਿਵਾਉਣ ਲਈ 24 ਘੰਟੇ ਗਸ਼ਤ ਕਰ ਰਹੇ ਹਾਂ। ਐਸ.ਐਸ.ਪੀ. ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਕਿਸੇ ਨੇ ਜ਼ਿਲ੍ਹੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਹੁਣ ਤੱਕ 10 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਜੇਲ੍ਹ ਭੇਜਿਆ ਹੈ।
ਬਾਅਦ ਦੁਪਹਿਰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਮਾਜ ਦੇ ਸਮੂਹ ਵਰਗਾਂ ਦੇ ਨੁਮਾਇੰਦਿਆਂ ’ਤੇ ਆਧਾਰਿਤ ਅਮਨ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੰਦਿਆਂ, ਅਫ਼ਵਾਹਾਂ ਫੈਲਾਉਣ ਵਾਲਿਆਂ ਤੋਂ ਸੁਚੇਤ ਕੀਤਾ। ਉਨ੍ਹਾਂ ਸੋਸ਼ਲ ਮੀਡੀਆ ਨੂੰ ਅੱਜ ਕੱਲ੍ਹ ਜਾਅਲੀ ਅਤੇ ਗੁੰਮਰਾਹਕੁੰਨ ਸੂਚਨਾਵਾਂ ਦੇ ਹੜ੍ਹ ਨਾਲ ਭਰਪੂਰ ਹੋਣ ਕਾਰਨ ਸਮਾਜ ਲਈ ਹੋਰ ਵੀ ਬੇਅਸਰ ਕਰਾਰ ਦਿੰਦਿਆਂ, ਸਮਾਜ ਦੇ ਮੋਹਤਬਰ ਮੈਂਬਰਾਂ ਨੂੰ ਜ਼ਿਲ੍ਹੇ ’ਚ ਆਮ ਵਾਂਗ ਸ਼ਾਂਤੀਪੂਰਨ ਮਾਹੌਲ ਬਣਾਈ ਰੱਖਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਧਰਮੀ ਅਤੇ ਤਰਕਸ਼ੀਲ ਵਿਚਾਰ ਰੱਖਣ ਵਾਲੇ ਲੋਕਾਂ ਨੂੰ ਪ੍ਰਸ਼ਾਸਨ ਦਾ ਸੁਨੇਹਾ ਜ਼ਿਲ੍ਹੇ ਭਰ ਵਿੱਚ ਪਹੁੰਚਾਉਣਾ ਚਾਹੀਦਾ ਹੈ।
ਐਸ.ਐਸ.ਪੀ. ਭਾਗੀਰਥ ਸਿੰਘ ਮੀਣਾ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਤੇ ਉਨ੍ਹਾਂ ਦਾ ਧੰਨਵਾਦ ਕਰਿਦਆਂ ਕਿਹਾ ਕਿ ਖੁਸ਼ਕਿਸਮਤੀ ਨਾਲ ਜ਼ਿਲ੍ਹੇ ਵਿੱਚ ਹੁਣ ਤੱਕ ਕੋਈ ਵੀ ਅਮਨ-ਕਾਨੂੰਨ ਦੀ ਸਮੱਸਿਆ ਪੈਦਾ ਨਹੀਂ ਹੋਈ। ਮੀਟਿੰਗ ਵਿੱਚ ਹਾਜ਼ਰ ਸਮਾਜ ਦੇ ਸਮੂਹ ਵਰਗਾਂ ਦੇ ਮੈਂਬਰਾਂ ਨੂੰ ਸੁਚੇਤ ਕਰਦੇ ਹੋਏ, ਉਨ੍ਹਾਂ ਨੇ ਆਲੇ-ਦੁਆਲੇ ਵਿੱਚ ਸ਼ੱਕੀ ਗਤੀਵਿਧੀਆਂ ਦੀ ਤੁਰੰਤ ਸੂਚਨਾ ਦੇਣ ਲਈ ਜ਼ਿਲ੍ਹਾ ਪੁਲਿਸ ਦੇ ਮਹੱਤਵਪੂਰਨ ਸੰਪਰਕ ਨੰਬਰ ਸਾਂਝੇ ਕੀਤੇ। ਇਨ੍ਹਾਂ ਨੰਬਰਾਂ ’ਚ ਜ਼ਿਲ੍ਹਾ ਪੁਲਿਸ ਕੰਟਰੋਲ ਰੂਮ ਦੇ 95646-95646, 01823-226524 ਨੰਬਰ ਅਤੇ ਉਨ੍ਹਾਂ ਦਾ ਨਿੱਜੀ ਸੰਪਰਕ ਨੰਬਰ 96806-61109 ਸ਼ਾਮਿਲ ਹੈ।
ਇਸ ਮੌਕੇ ਕਮੇਟੀ ’ਚ ਸਮਾਜਿਕ ਨੁਮਾਇੰਦਿਆਂ ਲਲਿਤ ਮੋਹਨ ਪਾਠਕ, ਗੁਰਚਰਨ ਅਰੋੜਾ, ਮਹਿੰਦਰ ਸਿੰਘ ਹੁਸੈਨਪੁਰੀ ਨੇ ਸੂਬੇ ਦੀ ਅਮਨ-ਸ਼ਾਂਤੀ ਨੂੰ ਬਹਾਲ ਰੱਖਣ ਵਿੱਚ ਪ੍ਰਸ਼ਾਸਨ ਨੂੰ ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੀਟਿੰਗ ’ਚ ਜ਼ਿਲ੍ਹੇ ’ਚੋਂ ਵੱਡੀ ਗਿਣਤੀ ’ਚ ਸਮਾਜ ਦੇ ਵੱਖ-ਵੱਖ ਵਰਗਾਂ ਦੀ ਨੁਮਾਇੰਦਗੀ ਕਰਦੇ ਪਤਵੰਤੇ ਮੌਜੂਦ ਸਨ।