ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਨੇ ਡੈਨਮਾਰਕ ਓਪਨ ਵਿਚ ਤੁਰਕੀ ਦੀ ਨੇਸਲਿਹਾਨ ਯਿਜਿਟ ਖ਼ਿਲਾਫ਼ ਜਿੱਤ ਨਾਲ ਸ਼ੁਰੂਆਤ ਕੀਤੀ। ਕਿਦਾਂਬੀ ਸ਼੍ਰੀਕਾਂਤ ਤੇ ਸਮੀਰ ਵਰਮਾ ਨੇ ਵੀ ਟੂਰਨਾਮੈਂਟ ‘ਚ ਆਪਣਾ ਸਫ਼ਰ ਜਿੱਤ ਨਾਲ ਸ਼ੁਰੂ ਕੀਤਾ। ਮੌਜੂਦਾ ਵਿਸ਼ਵ ਚੈਂਪੀਅਨ ਸਿੰਧੂ ਨੂੰ ਵਿਸ਼ਵ ਰੈਂਕਿੰਗ ਵਿਚ 29ਵੇਂ ਸਥਾਨ ‘ਤੇ ਕਾਬਜ ਖਿਡਾਰਨ ਖ਼ਿਲਾਫ਼ ਮਹਿਲਾ ਸਿੰਗਲਜ਼ ਮੁਕਾਬਲੇ ਵਿਚ 21-12, 21-10 ਨਾਲ ਜਿੱਤ ਦਰਜ ਕਰਨ ਵਿਚ ਸਿਰਫ਼ 30 ਮਿੰਟ ਦਾ ਸਮਾਂ ਲੱਗਾ। ਟੋਕੀਓ ਓਲੰਪਿਕ ਤੋਂ ਬਾਅਦ ਸੁਦੀਰਮਨ ਕੱਪ ਤੇ ਉਬੇਰ ਕੱਪ ਫਾਈਨਲ ‘ਚੋਂ ਬਾਹਰ ਰਹਿਣ ਵਾਲੀ ਚੌਥਾ ਦਰਜਾ ਹਾਸਲ ਇਸ ਭਾਰਤੀ ਖਿਡਾਰਨ ਦਾ ਦੂਜੇ ਗੇੜ ਵਿਚ ਥਾਈਲੈਂਡ ਦੀ ਬੁਸਾਨਨ ਓਂਗਾਮਰੂਗਫਾਨ ਨਾਲ ਸਾਹਮਣਾ ਹੋਵੇਗਾ। ਸਾਬਕਾ ਚੈਂਪੀਅਨ ਕਿਦਾਂਬੀ ਸ਼੍ਰੀਕਾਂਤ ਤੇ ਭਾਰਤ ਦੇ ਹੀ ਸਮੀਰ ਵਰਮਾ ਨੇ ਵੀ ਇੱਥੇ ਟੂਰਨਾਮੈਂਟ ਦੇ ਮਰਦ ਸਿੰਗਲਜ਼ ਵਰਗ ਵਿਚ ਜਿੱਤ ਨਾਲ ਸ਼ੁਰੂਆਤ ਕੀਤੀ। ਸ਼੍ਰੀਕਾਂਤ ਨੇ 2017 ਵਿਚ ਇੱਥੇ ਖ਼ਿਤਾਬ ਜਿੱਤਿਆ ਸੀ। ਉਨ੍ਹਾਂ ਨੇ ਹਮਵਤਨ ਬੀ ਸਾਈ ਪ੍ਰਣੀਤ ਨੂੰ 30 ਮਿੰਟ ਵਿਚ 21-14, 21-11 ਨਾਲ ਹਰਾਇਆ। ਉਥੇ 28ਵੀਂ ਰੈਂਕਿੰਗ ਵਾਲੇ ਸਮੀਰ ਨੇ ਥਾਈਲੈਂਡ ਦੇ 21ਵੀਂ ਰੈਂਕਿੰਗ ਵਾਲੇ ਕੁੰਲਾਵੁਟ ਵਿਦਿਤਸਰਨ ਨੂੰ 21-17, 21-14 ਨਾਲ ਮਾਤ ਦਿੱਤੀ। ਦੁਨੀਆ ਦੇ 14ਵੇਂ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਦਾ ਸਾਹਮਣਾ ਦੂਜੇ ਗੇੜ ਵਿਚ ਸਿਖਰਲਾ ਦਰਜਾ ਜਾਪਾਨ ਦੇ ਕੇਂਤੋ ਮੋਮੋਤਾ ਨਾਲ ਹੋ ਸਕਦਾ ਹੈ। ਉਥੇ ਸਮੀਰ ਡੈਨਮਾਰਕ ਦੇ ਤੀਜਾ ਦਰਜਾ ਹਾਸਲ ਏਂਡਰਸ ਏਂਟੋਂਸੇਨ ਨਾਲ ਖੇਡ ਸਕਦੇ ਹਨ। ਮਰਦ ਡਬਲਜ਼ ਵਿਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਹਾਲਾਂਕਿ ਮਿਲਿਆ-ਜੁਲਿਆ ਹੀ ਰਿਹਾ। ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਆਪਣੇ ਪਹਿਲੇ ਮੈਚ ਵਿਚ ਇੰਗਲੈਂਡ ਦੀ ਕੈਲਮ ਹੇਮਿੰਗ ਤੇ ਸਟੀਵਨ ਸਟਾਲਵੁਡ ਦੀ ਜੋੜੀ ਨੂੰ 23-21, 21-15 ਨਾਲ ਹਰਾਇਆ ਤਾਂ ਉਥੇ ਐੱਮਆਰ ਅਰਜੁਨ ਤੇ ਧਰੁਵ ਕਪਿਲਾ ਨੇ ਬੇਨ ਲੇਨ ਤੇ ਸੀਨ ਵੈਂਡੀ ਦੀ ਇੰਗਲੈਂਡ ਦੀ ਦੁਨੀਆ ਦੀ 17ਵੇਂ ਨੰਬਰ ਦੀ ਜੋੜੀ ਨੂੰ 21-19, 21-15 ਨਾਲ ਮਾਤ ਦਿੱਤੀ। ਮਨੂ ਅੱਤਰੀ ਤੇ ਬੀ ਸੁਮਿਤ ਰੈੱਡੀ ਨੂੰ ਹਾਲਾਂਕਿ ਪਹਿਲੇ ਗੇੜ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਮਲੇਸ਼ੀਆ ਦੇ ਗੋਜੇ ਫੇਈ ਤੇ ਨੂਰ ਇਜੂਦੀਨ ਨੇ 21-18, 21-11 ਨਾਲ ਮਾਤ ਦਿੱਤੀ।
ਪੀਵੀ ਨੂੰ ਨਹੀਂ ਵਹਾਉਣਾ ਪਿਆ ਜ਼ਿਆਦਾ ਪਸੀਨਾ : ਵਿਸ਼ਵ ਰੈਂਕਿੰਗ ਵਿਚ ਸੱਤਵੇਂ ਸਥਾਨ ‘ਤੇ ਕਾਬਜ ਸਿੰਧੂ ਨੂੰ ਆਪਣੇ ਮੁਕਾਬਲੇ ਵਿਚ ਜ਼ਿਆਦਾ ਪਸੀਨਾ ਨਹੀਂ ਵਹਾਉਣਾ ਪਿਆ। ਉਨ੍ਹਾਂ ਨੇ ਪਹਿਲੀ ਗੇਮ ਵਿਚ 5-4 ਨਾਲ ਬੜ੍ਹਤ ਹਾਸਲ ਕਰਨ ਤੋਂ ਬਾਅਦ ਆਸਾਨੀ ਨਾਲ ਇਸ ਨੂੰ ਆਪਣੇ ਨਾਂ ਕੀਤਾ। ਦੂਜੀ ਗੇਮ ਦੀ ਸ਼ੁਰੂਆਤ ਵਿਚ ਉਹ 1-3 ਨਾਲ ਪੱਛੜ ਰਹੀ ਸੀ ਪਰ ਫਿਰ ਵਾਪਸੀ ਕਰ ਕੇ 10-4 ਦੀ ਬੜ੍ਹਤ ਹਾਸਲ ਕੀਤੀ। ਯਿਜਿਟ ਨੇ ਹਾਲਾਂਕਿ ਲਗਾਤਾਰ ਚਾਰ ਅੰਕ ਹਾਸਲ ਕਰ ਕੇ ਸਕੋਰ 10-9 ਕਰ ਦਿੱਤਾ। ਭਾਰਤੀ ਖਿਡਾਰਨ ਨੇ ਇਸ ਤੋਂ ਬਾਅਦ ਆਪਣੀ ਖੇਡ ਦੇ ਪੱਧਰ ਨੂੰ ਉੱਚਾ ਕਰਦੇ ਹੋਏ ਮੁਕਾਬਲਾ ਆਪਣੇ ਨਾਂ ਕਰ ਲਿਆ।