ਮਹਾਰਾਸ਼ਟਰ ਕੈਬਨਿਟ ’ਚ ਕਈ ਦਿਨਾਂ ਤੋਂ ਲਟਕ ਰਹੀ ਵਿਭਾਗਾਂ ਦੀ ਵੰਡ ਸ਼ੁੱਕਰਵਾਰ ਨੂੰ ਹੋ ਗਈ। ਅਜੀਤ ਪਵਾਰ ਸਮੇਤ ਰਾਕਾਂਪਾ ਦੇ ਅੱਠ ਹੋਰਨਾਂ ਵਿਧਾਇਕਾਂ ਦੇ ਮਹਾਰਾਸ਼ਟਰ ਦੀ ਸ਼ਿੰਦੇ-ਫੜਨਵੀਸ ਸਰਕਾਰ ’ਚ ਸ਼ਾਮਲ ਹੋਣ ਦੇ ਬਾਰ੍ਹਵੇਂ ਦਿਨ ਮੰਤਰੀਆਂ ਦੇ ਵਿਭਾਗਾਂ ਦਾ ਐਲਾਨ ਕਰ ਦਿੱਤਾ ਗਿਆ। ਉਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਵਿੱਤ ਤੇ ਪ੍ਰਬੰਧਨ ਮੰਤਰਾਲਾ, ਛਗਨ ਭੁਜਬਲ ਨੂੰ ਖੁਰਾਕ ਤੇ ਨਾਗਰਿਕ ਸਪਲਾਈ ਤੇ ਗਾਹਕ ਸੁਰੱਖਿਆ, ਦਿਲੀਪ ਵਲਸੇ ਪਾਟਿਲ ਨੂੰ ਸਹਿਕਾਰਤਾ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਰਾਕਾਂਪਾ ਵਿੱਤ, ਸਹਿਕਾਰਤਾ ਤੇ ਪੇਂਡੂ ਵਿਕਾਸ ਮੰਤਰਾਲਾ ਚਾਹੁੰਦੀ ਸੀ। ਇਸ ਵਿਚ ਦੋ ਮੰਤਰਾਲੇ ਉਸ ਨੂੰ ਹਾਸਲ ਹੋਏ ਹਨ।
ਸਹਿਕਾਰਤਾ ਮੰਤਰਾਲਾ ਸ਼ਿੰਦੇ ਧਿਰ ਦੇ ਮੰਤਰੀ ਅਤੁਲ ਸਾਵੇ ਤੋਂ ਲੈ ਕੇ ਰਾਕਾਂਪਾ ਨੇਤਾ ਦਿਲੀਪ ਵਲਸੇ ਪਾਟਿਲ ਨੂੰ ਦਿੱਤਾ ਗਿਆ ਹੈ। ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਹੁਣ ਤਕ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸੰਭਾਲ ਰਹੇ ਸਨ। ਇਹ ਹੁਣ ਦੂਜੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਦਿੱਤੀ ਗਈ ਹੈ।
ਰਾਕਾਂਪਾ ਦੇ ਹਸਨ ਮੁਸ਼ਰਿਕ ਨੂੰ ਸਿਹਤ ਮੰਤਰਾਲਾ, ਧਰਮਰਾਓ ਅਤ੍ਰਾਮ ਨੂੰ ਖੁਰਾਕ ਤੇ ਦਵਾਈ ਪ੍ਰਸ਼ਾਸਨ, ਅਦਿਤੀ ਤਟਕਰੇ ਨੂੰ ਮਹਿਲਾ ਤੇ ਬਾਲ ਵਿਕਾਸ, ਸੰਜੇ ਬਨਸੋੜੇ ਨੂੰ ਖੇਡ ਤੇ ਨੌਜਵਾਨ ਕਲਿਆਣ ਤੇ ਬੰਦਰਗਾਹ, ਅਨਿਲ ਪਾਟਿਲ ਨੂੰ ਮਦਦ, ਮੁੜਵਸੇਬਾ ਤੇ ਐਮਰਜੈਂਸੀ ਵਿਵਸਥਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੰਤਰਾਲਿਆਂ ਦੇ ਫੇਰਬਦਲ ’ਚ ਸ਼ਿੰਦੇ ਧਿਰ ਦੇ ਅਤੁਲ ਸਾਵੇ ਤੋਂ ਸਹਿਕਾਰਤਾ ਮੰਤਰਾਲਾ ਲੈ ਕੇ ਉਨ੍ਹਾਂ ਨੂੰ ਗ੍ਰਹਿ ਨਿਰਮਾਣ ਤੇ ਓਬੀਸੀ ਕਲਿਆਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸ਼ਿੰਦੇ ਧਿਰ ਦੇ ਹੀ ਸੰਜੇ ਰਾਠੌਰ ਤੋਂ ਖੁਰਾਕ ਤੇ ਔਸ਼ਧੀ ਮੰਤਰਾਲਾ ਲੈ ਕੇ ਉਨ੍ਹਾਂ ਨੂੰ ਜਲ ਸੰਸਾਧਨ ਮੰਤਰਾਲਾ ਦਿੱਤਾ ਗਿਆ ਹੈ। ਅਨੇਕਾਂ ਕਾਰਨਾਂ ਕਾਰਨ ਵਿਵਾਦਾਂ ’ਚ ਚੱਲ ਰਹੇ ਸ਼ਿੰਦੇ ਧੜੇ ਦੇ ਮੰਤਰੀ ਅਬਦੁਲ ਸੱਤਾਰ ਤੋਂ ਖੇਤੀਬਾੜੀ ਵਿਭਾਗ ਲੈ ਕੇ ਉਨ੍ਹਾਂ ਕੋਲ ਸਿਰਫ ਘੱਟਗਿਣਤੀ ਵਿਕਾਸ ਵਿਭਾਗ ਰੱਖਿਆ ਗਿਆ ਹੈ। ਖੇਤੀਬਾੜੀ ਵਿਭਾਗ ਉਨ੍ਹਾਂ ਤੋਂ ਲੈ ਕੇ ਰਾਕਾਂਪਾ ਦੇ ਧਨੰਜੇ ਮੁੰਡੇ ਨੂੰ ਦੇ ਦਿੱਤਾ ਗਿਆ ਹੈ।