42.24 F
New York, US
November 22, 2024
PreetNama
ਖਾਸ-ਖਬਰਾਂ/Important News

DGP ਗੁਪਤਾ ਨੇ ਕਰਤਾਰਪੁਰ ਲਾਂਘੇ ਸਬੰਧੀ ਦਿੱਤੇ ਬਿਆਨ ‘ਤੇ ਦਿੱਤੀ ਸਫਾਈ

DGP clarification on statement: ਕਰਤਾਰਪੁਰ ਲਾਂਘੇ ਸਬੰਧੀ ਸ਼ਨਿਚਰਵਾਰ ਨੂੰ ਦਿੱਤੇ ਕਥਿਤ ਵਿਵਾਦਾਂ ਭਰੇ ਬਿਆਨ ‘ਤੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਆਪਣੀ ਸਫਾਈ ਪੇਸ਼ ਕੀਤੀ ਹੈ। ਗੁਪਤਾ ਨੇ ਕਿਹਾ, ‘ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ‘ਤੇ ਮੈਂ ਖ਼ੁਸ਼ ਹਾਂ ਕਿਉਂਕਿ ਇਸ ਨਾਲ ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਵਿਚ ਆਸਥਾ ਰੱਖਣ ਵਾਲੇ ਮੇਰੇ ਵਰਗੇ ਲੱਖਾਂ ਸ਼ਰਧਾਲੂਆਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋਈ। ਇਸ ਫ਼ੈਸਲੇ ਨਾਲ ਪਾਕਿਸਤਾਨ ‘ਚ ਸਥਿਤ ਗੁਰਦੁਆਰੇ ਦੇ ਖੁੱਲ੍ਹੇ ਦਰਸ਼ਨ ਕਰਨ ਦੀ ਸ਼ਰਧਾਲੂਆਂ ਦੀ ਹਰ ਦਿਨ ਦੀ ਅਰਦਾਸ ਪੂਰੀ ਹੋ ਗਈ। ਇਸ ਤੋਂ ਵੱਡੀ ਖ਼ੁਸ਼ੀ ਦੀ ਗੱਲ ਇਹ ਹੈ ਕਿ ਇਹ ਮੌਕਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਆਇਆ।’

ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਇਸ ਦੀਆਂ ਸਾਰੀਆਂ ਏਜੰਸੀਆਂ ਨੇ ਇਸ ਮੌਕੇ ਨੂੰ ਇਤਿਹਾਸਕ ਬਣਾਉਣ ਲਈ ਜੀਅ ਤੋੜ ਯਤਨ ਕੀਤੇ। ਸੂਬੇ ਦੀ ਪੁਲਿਸ ਦਾ ਮੁਖੀ ਹੋਣ ਨਾਤੇ ਇਹ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਸ਼ਰਧਾਲੂਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੀ ਚਿੰਤਾਮੁਕਤ ਯਾਤਰਾ ਮੁਹੱਈਆ ਕਰਵਾਉਣ ਲਈ ਪੰਜਾਬ ਪੁਲਿਸ ਆਪਣੇ ਯਤਨ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਅੱਤਵਾਦੀ ਅਤੇ ਅੱਤਵਾਦੀ ਸਰਗਰਮੀਆਂ ਨੂੰ ਮਿਲ ਰਹੇ ਸਮਰਥਨ ਦੇ ਚੱਲਦਿਆਂ ਉਹ ਸਾਵਧਾਨੀ ਦੀ ਲੋੜ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਗੁਪਤਾ ਨੇ ਕਿਹਾ, ‘ਮੈਂ ਸਿਰਫ਼ ਦੇਸ਼ ਦੇ ਦੁਸ਼ਮਣਾਂ ਵੱਲੋਂ ਇਸ ਮੌਕੇ ਦੀ ਦੁਰਵਰਤੋਂ ਦੀ ਸੰਭਾਵਨਾ ‘ਤੇ ਚੌਕਸ ਰਹਿਣ ਲਈ ਕਿਹਾ ਹੈ ਕਿਉਂਕਿ ਅਜਿਹੇ ਲੋਕ ਪਵਿੱਤਰ ਯਤਨਾਂ ਨੂੰ ਵੀ ਸ਼ਾਂਤੀ ਤੇ ਸਮਾਜਿਕ ਭਾਈਚਾਰਾ ਵਿਗਾੜਨ ਦਾ ਜ਼ਰੀਆ ਬਣਾ ਸਕਦੇ ਹਨ।’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਸਿਰਫ਼ ਪੰਜਾਬ ਤੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਸੀ ਅਤੇ ਇਸ ਦਾ ਕਿਸੇ ਧਰਮ ਜਾਂ ਭਾਈਚਾਰੇ ਨਾਲ ਕੋਈ ਸਬੰਧ ਨਹੀਂ ਸੀ। ਉਨ੍ਹਾਂ ਦਾ ਸਿਰਫ਼ ਏਨਾ ਹੀ ਮਤਬਲ ਸੀ ਕਿ ਸੂਬੇ ਦੀ ਸ਼ਾਂਤੀ ਵਿਵਸਥਾ ਲਈ ਅਜਿਹੇ ਰਾਸ਼ਟਰ ਵਿਰੋਧੀ ਤੱਤਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਸਾਡਾ ਸੂਬਾ ਪਹਿਲਾਂ ਹੀ ਅੱਤਵਾਦ ਤੋਂ ਲੰਬੇ ਸਮੇਂ ਤਕ ਪੀੜ੍ਹਤ ਰਿਹਾ ਹੈ। ਡੀਜੀਪੀ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਸ਼ਰਧਾਲੂ ਨੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਸਰਹੱਦ ਪਾਰ ਕੀਤੀ ਸੀ ਤਾਂ ਉਹ ਨਿੱਜੀ ਤੌਰ ‘ਤੇ ਉੱਥੇ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਗੁਪਤਾ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਕਰਤਾਰਪੁਰ ਲਾਂਘੇ ਤੋਂ ਅਜਿਹੀਆਂ ਸੰਭਾਵਨਾਵਾਂ ਬਣਦੀਆਂ ਹਨ ਕਿ ਸਵੇਰੇ ਇਕ ਆਮ ਵਿਅਕਤੀ ਦੇ ਤੌਰ ‘ਤੇ ਪਾਕਿਸਤਾਨ ਸਰਹੱਦ ਵਿਚ ਦਾਖ਼ਲ ਹੋਣ ਵਾਲਾ ਸ਼ਾਮ ਨੂੰ ਇਕ ਅੱਤਵਾਦੀ ਬਣ ਕੇ ਆ ਜਾਵੇ। ਇਸ ਬਿਆਨ ਵਿਚ ਗੁਪਤਾ ਨੇ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦੇ ਛੇ ਘੰਟੇ ਤਕ ਪਾਕਿਸਤਾਨ ਵਿਚ ਰਹਿਣ ‘ਤੇ ਵੀ ਸਵਾਲ ਉਠਾਉਂਦਿਆਂ ਕਿਹਾ ਸੀ ਕਿ ਏਨੇ ਸਮੇਂ ਵਿਚ ਕਿਸੇ ਨੂੰ ਫਾਇਰਿੰਗ ਰੇਂਜ ਲਿਜਾਇਆ ਜਾ ਸਕਦਾ ਹੈ ਤੇ ਬੰਬ ਬਣਾਉਣ ਦੀ ਸਿਖਲਾਈ ਦਿੱਤੀ ਜਾ ਸਕਦੀ ਹੈ। ਗੁਪਤਾ ਨੇ ਆਪਣੇ ਅੱਠ ਸਾਲ ਦੇ ਇੰਟੈਲੀਜੈਂਸ ਦੇ ਅਨੁਭਵ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਕਰਤਾਰਪੁਰ ਲਾਂਘੇ ਨੂੰ ਪਹਿਲਾਂ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਇਕ ਸੰਭਾਵੀ ਖ਼ਤਰਾ ਮੰਨਿਆ ਜਾਂਦਾ ਸੀ ਤੇ ਇਹੀ ਕਾਰਨ ਹੈ ਕਿ ਇਸ ਨੂੰ ਲੰਬੇ ਸਮੇਂ ਤਕ ਖੋਲ੍ਹਿਆ ਨਹੀਂ ਗਿਆ। ਉਨ੍ਹਾਂ ਕਿਹਾ ਸੀ ਕਿ ਹੁਣ ਸਿੱਖ ਭਾਈਚਾਰੇ ਦੀ ਮੰਗ ‘ਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਇਸ ਨੂੰ ਖੋਲ੍ਹੇ ਜਾਣ ‘ਤੇ ਸਹਿਮਤੀ ਦੇ ਦਿੱਤੀ ਹੈ। ਗੁਪਤਾ ਨੇ ਇਹ ਵੀ ਕਿਹਾ ਸੀ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਨਾਲ ਸੁਰੱਖਿਆ ਸਬੰਧੀ ਚਿਤਾਵਾਂ ਨੂੰ ਸਰਕਾਰ ਨੇ ਦਰਕਿਨਾਰ ਕਰ ਦਿੱਤਾ ਹੈ।

Related posts

ਵਿਦੇਸ਼ ਤੋਂ ਭਾਰਤ ਆਉਣ ਵਾਲਿਆਂ ਲਈ ਆਈਸੋਲੇਸ਼ਨ ਦੀ ਸ਼ਰਤ ਖ਼ਤਮ

On Punjab

ਅਮਰੀਕਾ ਚੋਣਾਂ: ਰਾਸ਼ਟਰਪਤੀ ਬਣਨ ਲਈ ਟਰੰਪ ਦੀਆਂ ਭਾਰਤੀਆਂ ‘ਤੇ ਆਸਾਂ

On Punjab

ਸਾਊਦੀ ਅਰਬ ਪਹੁੰਚੇ ਪ੍ਰਧਾਨਮੰਤਰੀ ਮੋਦੀ, ਹੋਇਆ ਨਿੱਘਾ ਸਵਾਗਤ

On Punjab