ਗਰਮੀਆਂ ਦੇ ਮੌਸਮ ‘ਚ ਲੋਕ ਅਜਿਹੇ ਭੋਜਨ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਦੇ ਹਨ, ਜੋ ਸਰੀਰ ਨੂੰ ਠੰਡਾ ਰੱਖਦੇ ਹਨ। ਇਸ ਮੌਸਮ ਵਿਚ ਤੁਸੀਂ ਕਈ ਤਰ੍ਹਾਂ ਦੇ ਸੁਆਦੀ ਫਲਾਂ ਦਾ ਆਨੰਦ ਮਾਣਦੇ ਹੋ। ਸਰੀਰ ਨੂੰ ਠੰਢਾ ਰੱਖਣ ਦੇ ਨਾਲ-ਨਾਲ ਇਹ ਕਈ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਪਰ ਇਨ੍ਹਾਂ ਫਲਾਂ ਤੋਂ ਇਲਾਵਾ ਹੋਰ ਵੀ ਕਈ ਭੋਜਨ ਹਨ ਜਿਨ੍ਹਾਂ ਦਾ ਲੋਕ ਗਰਮੀਆਂ ‘ਚ ਆਨੰਦ ਲੈਂਦੇ ਹਨ। ਹਾਲਾਂਕਿ ਇਨ੍ਹਾਂ ਦਾ ਟੈਸਟ ਬਹੁਤ ਠੰਢਾ ਹੁੰਦਾ ਹੈ ਪਰ ਇਹ ਸਰੀਰ ਨੂੰ ਠੰਢਾ ਰੱਖਣ ਦੀ ਬਜਾਏ ਗਰਮੀ ਪੈਦਾ ਕਰਦੇ ਹਨ।
ਜੀ ਹਾਂ, ਹਾਲ ਹੀ ‘ਚ ਆਯੁਰਵੈਦਿਕ ਮਾਹਿਰ ਡਾਕਟਰ ਵਾਰਾ ਲਕਸ਼ਮੀ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਦੱਸਿਆ ਹੈ ਕਿ ਕੁਝ ਅਜਿਹੇ ਠੰਢੇ ਭੋਜਨ ਹਨ ਜੋ ਗਰਮੀਆਂ ‘ਚ ਖਾਣਾ ਨੁਕਸਾਨਦੇਹ ਹੋ ਸਕਦੇ ਹਨ।
ਬਰਫ਼ ਦਾ ਪਾਣੀ
ਗਰਮੀ ਤੋਂ ਰਾਹਤ ਪਾਉਣ ਲਈ ਅਕਸਰ ਲੋਕ ਪਾਣੀ ‘ਚ ਬਰਫ ਮਿਲਾ ਕੇ ਪੀਂਦੇ ਹਨ। ਪਰ ਆਯੁਰਵੇਦ ਵਿਚ ਬਰਫ਼ ਦੇ ਪਾਣੀ ਨੂੰ ਠੰਢਾ ਨਹੀਂ ਮੰਨਿਆ ਜਾਂਦਾ ਹੈ। ਬਰਫ਼ ਦਾ ਪਾਣੀ ਪੀਣ ਨਾਲ ਪੇਟ ਵਿਚ ਗਰਮੀ ਹੁੰਦੀ ਹੈ ਜਿਸ ਕਾਰਨ ਤੁਸੀਂ ਬਿਮਾਰ ਹੋ ਸਕਦੇ ਹੋ।
ਦਹੀਂ
ਗਰਮੀਆਂ ਦੀ ਖੁਰਾਕ ਵਿਚ ਦਹੀਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਉੱਥੇ ਹੀ ਆਯੁਰਵੇਦ ਅਨੁਸਾਰ ਦਹੀਂ ਪਾਚਨ ਕਿਰਿਆ ਨੂੰ ਹੌਲੀ ਕਰਦਾ ਹੈ। ਜੇਕਰ ਤੁਸੀਂ ਇਸ ਮੌਸਮ ‘ਚ ਰੋਜ਼ਾਨਾ ਦਹੀਂ ਖਾਂਦੇ ਹੋ ਤਾਂ ਸਰੀਰ ‘ਚ ਬਦਹਜ਼ਮੀ, ਬਲੋਟਿੰਗ ਤੇ ਭਾਰਾਪਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਆਈਸਕਰੀਮ
ਗਰਮੀਆਂ ‘ਚ ਲੋਕ ਸਰੀਰ ਨੂੰ ਠੰਢਾ ਰੱਖਣ ਲਈ ਆਈਸਕ੍ਰੀਮ ਦਾ ਮਜ਼ਾ ਲੈਂਦੇ ਹਨ। ਪਰ ਇਹ ਖੰਡ ਤੇ ਚਰਬੀ ਨਾਲ ਭਰਪੂਰ ਹੁੰਦੀ ਹੈ ਜੋ ਪਚਣ ਵਿੱਚ ਭਾਰੀ ਹੁੰਦੀ ਹੈ। ਇਹ ਸਰੀਰ ਵਿਚ ਜ਼ਿਆਦਾ ਗਰਮੀ ਪੈਦਾ ਕਰਦੀ ਹੈ ਜਿਸ ਕਾਰਨ ਤੁਸੀਂ ਪਾਚਨ ਸੰਬੰਧੀ ਸਮੱਸਿਆਵਾਂ, ਸੁਸਤੀ ਤੇ ਭਾਰੀਪਣ ਤੋਂ ਪਰੇਸ਼ਾਨ ਹੋ ਸਕਦੇ ਹੋ।
ਨਿੰਬੂ
ਨਿੰਬੂ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਜੋ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਗਰਮੀਆਂ ਵਿੱਚ ਇਹ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਇਹ ਸਰੀਰ ਅੰਦਰ ਗਰਮੀ ਵਧਾਉਂਦੇ ਹਨ। ਇਸ ਮੌਸਮ ‘ਚ ਨਿੰਬੂ ਦਾ ਜ਼ਿਆਦਾ ਸੇਵਨ ਕਰਨ ਨਾਲ ਦਿਲ ‘ਚ ਜਲਨ, ਐਸੀਡਿਟੀ ਜਾਂ ਸਕਿਨ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਟਮਾਟਰ
ਆਯੁਰਵੇਦ ਅਨੁਸਾਰ ਟਮਾਟਰ ਸਰੀਰ ਵਿਚ ਗਰਮੀ ਪੈਦਾ ਕਰਦਾ ਹੈ। ਇਸ ਲਈ ਗਰਮੀਆਂ ਵਿਚ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਟਮਾਟਰ ਦਾ ਸੁਆਦ ਖੱਟਾ ਤੇ ਥੋੜ੍ਹਾ ਤੇਜ਼ਾਬ ਵਾਲਾ ਹੁੰਦਾ ਹੈ। ਗਰਮੀਆਂ ‘ਚ ਟਮਾਟਰ ਦਾ ਜ਼ਿਆਦਾ ਸੇਵਨ ਕਰਨ ਨਾਲ ਐਸੀਡਿਟੀ, ਸਕਿਨ ‘ਤੇ ਧੱਫੜ ਜਾਂ ਸੋਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।