ਸ਼ਹਿਰ ਦੇ ਜੀਟੀਬੀ ਨਗਰ ਵਿੱਚ ਦੋਹਰੇ ਕਤਲ ਕਾਂਡ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਜੋੜੇ ਦਾ ਉਨ੍ਹਾਂ ਦੇ ਬੇਟੇ ਨੇ ਸੁਪਾਰੀ ਦੇ ਕੇ ਕਤਲ ਕਰਵਾਇਆ ਸੀ। ਪੁਲਿਸ ਨੇ ਦੇਰ ਰਾਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਏਅਰਫੋਰਸ ਦੇ ਸੇਵਾਮੁਕਤ ਅਧਿਕਾਰੀ ਭੁਪਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਦੀਆਂ ਲਾਸ਼ਾਂ ਬੁੱਧਵਾਰ ਸਵੇਰੇ ਘਰ ਦੀ ਦੂਜੀ ਮੰਜ਼ਿਲ ਤੋਂ ਮਿਲੀਆਂ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ 3 ਵਿਅਕਤੀ ਘਰ ‘ਚ ਦਾਖਲ ਹੋ ਗਏ ਸਨ ਅਤੇ ਉਨ੍ਹਾਂ ਵੱਲੋਂ ਦੋਵੇਂ ਪਤੀ-ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ।
ਪੁਲਿਸ ਕੱਲ੍ਹ ਪੂਰਾ ਦਿਨ ਉਨ੍ਹਾਂ ਦੇ ਰਿਸ਼ਤੇਦਾਰਾਂ ’ਤੇ ਨਜ਼ਰ ਰੱਖ ਰਹੀ ਸੀ। ਇਸ ਦੌਰਾਨ ਪੁਲਿਸ ਨੇ ਦੇਰ ਰਾਤ ਤੱਕ ਭੁਪਿੰਦਰ ਸਿੰਘ ਦੇ ਜਵਾਈ ਤੇ ਪੁੱਤਰ ਦੋਵਾਂ ਤੋਂ ਪੁੱਛਗਿੱਛ ਕੀਤੀ, ਜਿਸ ਵਿੱਚ ਉਹ ਪੁਲਿਸ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ ਅਤੇ ਉਸ ਨੇ ਇਹ ਕਬੂਲ ਕੀਤਾ ਕਿ ਉਸ ਨੇ ਪੈਸੇ ਦੇ ਕੇ ਕਤਲ ਕਰਵਾਇਆ ਹੈ। ਅਜੇ ਤੱਕ ਕਤਲ ਦੇ ਕਾਰਨਾਂ ਅਤੇ ਪੈਸਿਆਂ ਦੇ ਲੈਣ-ਦੇਣ ਬਾਰੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਇਸ ਸਬੰਧੀ ਪੁਲਿਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ ਪ੍ਰੈਸ ਕਾਨਫਰੰਸ ਕਰ ਸਕਦੇ ਹਨ।
ਪੋਸਟ ਮਾਰਟਮ: ਭੁਪਿੰਦਰ ਸਿੰਘ ਦਾ ਹੱਥ ਨਾਲ ਦਬਾਇਆ ਗਿਆ ਗਲਾ
ਸਿਵਲ ਹਸਪਤਾਲ ਵਿੱਚ ਡਾਕਟਰ ਚਰਨ ਕਮਲ ਅਤੇ ਉਨ੍ਹਾਂ ਦੇ ਸਾਥੀ ਡਾਕਟਰ ਨੇ ਲਾਸ਼ਾਂ ਦਾ ਪੋਸਟਮਾਰਟਮ ਕੀਤਾ। ਪਤਾ ਲੱਗਾ ਹੈ ਕਿ ਭੁਪਿੰਦਰ ਸਿੰਘ ਦਾ ਹੱਥ ਨਾਲ ਗਲਾ ਦਬਾਇਆ ਗਿਆ ਸੀ ਅਤੇ ਖੱਬੀ ਲੱਤ ਵੀ ਕਿਸੇ ਚੀਜ਼ ਨਾਲ ਦਬਾ ਦਿੱਤੀ ਗਈ ਸੀ। ਲੱਤ ‘ਤੇ ਸੱਟ ਦਾ ਨਿਸ਼ਾਨ ਹੈ। ਇਸ ਦੇ ਨਾਲ ਹੀ ਕਾਤਲਾਂ ਨੇ ਉਸ ਦੀ ਪਤਨੀ ਦਾ ਕੱਪੜੇ ਨਾਲ ਗਲਾ ਘੁੱਟ ਕੇ ਉਸ ਦਾ ਮੂੰਹ ਕਿਸੇ ਚੀਜ਼ ਨਾਲ ਢੱਕ ਲਿਆ ਸੀ। ਉਸ ਦੀ ਮੌਤ ਦਮ ਘੁੱਟਣ ਕਾਰਨ ਹੋਈ ਸੀ।