ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : NCB ਨੇ ਦਿੱਲੀ ਪੁਲਿਸ (Delhi Polic) ਦੇ ਸਪੈਸ਼ਲ ਸੈੱਲ (Special Cell) ਨਾਲ ਮਿਲ ਕੇ ਨਸ਼ੀਲੇ ਮੈਥਮਫੇਟਾਮਾਈਨ ਡਰੱਗਜ਼ (Methamphetamine Drugs) ਬਣਾਉਣ ਤੇ ਉਸਨੂੰ ਦੇਸ਼-ਵਿਦੇਸ਼ ’ਚ ਵੇਚਣ ਦੇ ਮਾਮਲੇ ’ਚ ਇਕ ਮੈਕਸੀਕਨ ਨਾਗਰਿਕ ਤੇ ਤਿਹਾੜ ਜੇਲ੍ਹ (Tihar Jail) ਦੇ ਵਾਰਡਨ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੈਕਸੀਕਨ ਨਾਗਰਿਕ ਨੂੰ ਸਰਗਨਾ ਦੱਸਿਆ ਜਾ ਰਿਹਾ ਹੈ।ਐੱਨਸੀਬੀ ਨੇ ਗੌਤਮਬੁੱਧ ਨਗਰ ’ਚ ਜੇ-36 ਸੂਰਜਪੁਰ ਇੰਡਸਟਰੀਅਲ ਏਰੀਆ ਸਥਿਤ ਫੈਕਟਰੀ ’ਤੇ ਛਾਪਾ ਮਾਰ ਕੇ ਕਰੀਬ 10 ਕਰੋੜ ਰੁਪਏ ਮੁੱਲ ਦੀ 95 ਕਿੱਲੋ ਮੈਥਮਫੇਟਾਮਾਈਨ ਵੀ ਬਰਾਮਦ ਕੀਤੀ ਹੈ। ਚਾਰਾਂ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਤਿੰਨ ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ। ਮੈਥਮਫੇਟਾਮਾਈਨ ਰਸਾਇਣਕ ਰੂਪ ਨਾਲ ਐਮਫੈਟੇਮਿਨ (ਡਰੱਗਜ਼) ਦੇ ਬਰਾਬਰ ਹੁੰਦਾ ਹੈ। ਐੱਨਸੀਬੀ ਦੇ ਡਿਪਟੀ ਡਾਇਰੈਕਟਰ ਜਨਰਲ (ਆਪ੍ਰੇਸ਼ਨ) ਗਿਆਨੇਸ਼ਵਰ ਸਿੰਘ ਨੇ ਕਿਹਾ ਕਿ ਸੂਚਨਾ ਮਿਲੀ ਸੀ ਕਿ ਕੁਝ ਲੋਕ ਵਿਦੇਸ਼ ’ਚ ਬਰਾਮਦ ਦੇ ਨਾਲ ਭਾਰਤ ’ਚ ਖ਼ਪਤ ਲਈ ਮੈਥਾਮਫੇਟਾਮਾਈਨ ਵਰਗੀ ਸਿੰਥੈਟਿਕ ਡਰੱਗ ਦਾ ਉਤਪਾਦਨ ਕਰ ਰਹੇ ਹਨ। ਤਸਕਰਾਂ ਨੇ ਐੱਨਸੀਆਰ ’ਚ ਕਈ ਥਾਵਾਂ ’ਤੇ ਲੈਬ ਦੀ ਆੜ ’ਚ ਫੈਕਟਰੀ ਖੋਲ੍ਹੀ ਹੋਈ ਹੈ, ਜਿਸ ਵਿਚ ਮੈਕਸੀਕਨ ਸੀਜੇਐੱਨਜੀ ਡਰੱਗਜ਼ ਕਾਰਟੇਲ (ਕਾਰਟੇਲ ਡੀ ਜਲਿਸਕੋ ਨੁਏਵਾ ਜਨਰੇਸ਼ਨ) ਦੇ ਲੋਕ ਵੀ ਸ਼ਾਮਲ ਹਨ।ਐੱਨਸੀਬੀ ਨੇ 25 ਅਕਤੂਬਰ ਨੂੰ ਗੌਤਮਬੁੱਧ ਨਗਰ ਸਥਿਤ ਸੂਰਜਪੁਰ ਇੰਡਸਟਰੀਅਲ ਏਰੀਆ ’ਚ ਇਕ ਫੈਕਟਰੀ ’ਚ ਛਾਪਾ ਮਾਰਿਆ, ਜਿੱਥੋ ਠੋਸ ਤੇ ਤਰਲ ਰੂਪ ’ਚ ਲਗਪਗ 95 ਕਿੱਲੋ ਮੈਥਾਮਫੈਟਾਮਾਈਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਇੱਥੇ ਏਸੀਟੋਨ, ਸੋਡੀਅਮ ਹਾਈਡ੍ਰਾਕਸਾਈਡ, ਮੈਥੀਲੀਨ ਕਲੋਰਾਈਡ, ਪ੍ਰੀਮੀਅਮ ਗ੍ਰੇਡ ਇਥੇਨਾਲ, ਟੋਲਯੂਨੀ, ਰੈੱਡ ਫਾਸਫੋਰਸ ਏਥਿਲ ਏਸੀਟੇਟ ਆਦਿ ਰਸਾਇਣ ਤੇ ਨਿਰਮਾਣ ਲਈ ਦਰਾਮਦ ਹੋਈਆਂ ਮਸ਼ੀਨਾਂ ਵੀ ਮਿਲੀਆਂ। ਮੁਲਜ਼ਮਾਂ ਤੋਂ ਪਤਾ ਲੱਗਾ ਕਿ ਛਾਪੇ ਦੇ ਸਮੇਂ ਫੈਕਟਰੀ ’ਚ ਮਿਲੇ ਕਾਰੋਬਾਰੀ ਨੇ ਤਿਹਾੜ ਜੇਲ੍ਹ ਦੇ ਵਾਰਡਨ ਨਾਲ ਮਿਲ ਕੇ ਨਾਜਾਇਜ਼ ਫੈਕਟਰੀ ਖੋਲ੍ਹੀ ਸੀ। ਉਸਨੇ ਵੱਖ ਵੱਖ ਥਾਵਾਂ ਤੋਂ ਮੈਥਮਫੇਟਾਮਾਈਨ ਦੇ ਨਿਰਮਾਣ ਲਈ ਜ਼ਰੂਰੀ ਰਸਾਇਣਾਂ ਦੀ ਖ਼ਰੀਦ ਕੀਤੀ ਸੀ।ਕਾਰੋਬਾਰੀ ਨੂੰ ਪਹਿਲਾਂ ਮਾਲੀਆ ਖ਼ੁਫ਼ੀਆ ਵਿਭਾਗ (ਡੀਆਰਆਈ) ਵਲੋਂ ਐੱਨਡੀਪੀਐੱਸ ਮਾਮਲੇ ’ਚ ਗ੍ਰਿਫ਼ਤਾਰ ਕਰ ਕੇ ਤਿਹਾੜ ਜੇਲ੍ਹ ਭੇਜਿਆ ਗਿਆ ਸੀ, ਜਿੱਥੇ ਉਹ ਜੇਲ੍ਹ ਵਾਰਡਨ ਦੇ ਸੰਪਰਕ ’ਚ ਆਇਆ। ਡਰੱਗਜ਼ ਦੇ ਨਿਰਮਾਣ ਲਈ ਮੁੰਬਈ ਸਥਿਤ ਰਸਾਇਣ ਮਾਹਰ ਨੂੰ ਸ਼ਾਮਲ ਕੀਤਾ ਗਿਆ ਤੇ ਉਸਦੀ ਗੁਣਵੱਤਾ ਦਾ ਪ੍ਰੀਖਣ ਦਿੱਲੀ ’ਚ ਰਹਿਣ ਵਾਲਾ ਮੈਕਸੀਕਨ ਕਾਰਟੇਲ ਦਾ ਮੈਂਬਰ ਕਰਦਾ ਸੀ। ਮੁਲਜ਼ਮਾਂ ਦੇ ਹੋਰ ਲੋਕਾਂ ਨਾਲ ਸਬੰਧ, ਮਨੀ ਟ੍ਰੇਲ ਤੇ ਜਾਇਦਾਦਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਗੁਜਰਾਤ, ਰਾਜਸਥਾਨ ਤੇ ਮੱਧ ਪ੍ਰਦੇਸ਼ ’ਚ ਫੜੀਆਂ ਜਾ ਚੁੱਕੀਆਂ ਹਨ ਡਰੱਗਜ਼ ਫੈਕਟਰੀਆਂ
ਇਸ ਸਾਲ ਐੱਨਸੀਬੀ ਨੇ ਗੁਜਰਾਤ ਦੇ ਗਾਂਧੀਨਗਰ ਤੇ ਅਮਰੇਲੀ, ਰਾਜਸਥਾਨ ਦੇ ਜੋਧਪੁਰ ਤੇ ਸਿਰੋਹੀ ਤੇ ਮੱਧ ਪ੍ਰਦੇਸ਼ ਦੇ ਭੋਪਾਲ ’ਚ ਇਸ ਤਰ੍ਹਾਂ ਦੀਆਂ ਫੈਕਟਰੀਆਂ ਦਾ ਪਰਦਾਫਾਸ਼ ਕੀਤਾ ਹੈ। ਭੋਪਾਲ ਦੇ ਬਗਰੋਦਾ ਇੰਡਸਟਰੀਅਲ ਏਰੀਆ ’ਚ ਗੁਜਰਾਤ ਏਟੀਐੱਸ ਨਾਲ ਸਾਂਝੀ ਕਾਰਵਾਈ ’ਚ ਫੈਕਟਰੀ ਫੜੀ ਗਈ ਸੀ, ਜਿੱਥੋਂ ਲਗਪਗ 907 ਕਿੱਲੋ ਮੇਫੇਡ੍ਰੋਨ ਤੇ ਮਸ਼ੀਨਰੀ ਦੇ ਨਾਲ ਲਗਪਗ 7,000 ਕਿੱਲੋ ਵੱਖ-ਵੱਖ ਰਸਾਇਣ ਜ਼ਬਤ ਕੀਤੇ ਗਏ ਸਨ। ਮੰਨਿਆ ਜਾਂਦਾ ਹੈ ਕਿ ਮੈਥਾਮਫੇਟਾਮਾਈਨ ਤੇ ਮੇਫੇਡ੍ਰੋਨ ਵਰਗੀਆਂ ਸਿੰਥੈਟਿਕ ਡਰੱਗਜ਼ ਦੇ ਉਤਪਾਦਨ ਦੀ ਘੱਟ ਲਾਗਤ ਨੂੰ ਦੇਖਦੇ ਹੋਏ ਮਾਫ਼ੀਆ ਤੇਜ਼ੀ ਨਾਲ ਇੰਡਸਟਰੀਅਲ ਇਲਾਕਿਆਂ ’ਚ ਅਜਿਹੀਆਂ ਗੁਪਤ ਪ੍ਰਯੋਗਸ਼ਾਲਾਵਾਂ ਸਥਾਪਤ ਕਰ ਰਹੇ ਹਨ।