ਕੋਰੋਨਾ ਮਹਾਮਾਰੀ ਤੋਂ ਉਭਰਨ ਵੱਲ ਅਸੀਂ ਕਦਮ ਵਧਾ ਰਹੇ ਹਾਂ ਪਰ ਸਾਨੂੰ ਭੱੁਲਣਾ ਨਹੀਂ ਚਾਹੀਦਾ ਕਿ ਇਸ ਨੇ ਸਾਡੀ ਜੀਵਨਸ਼ੈਲੀ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਤੋਂ ਬਚਾਅ ਲਈ ਸੰਤੁਲਿਤ ਖ਼ੁਰਾਕ ਖਾਓ ਤੇ ਇਮਿਊਨਿਟੀ ਨੂੰ ਮਜ਼ਬੂਤ ਬਣਾਓ। ਇਸ ਨਾਲ ਲਾਗ ਜਾਂ ਰੋਗਾਂ ਦਾ ਖ਼ਤਰਾ ਸਾਡੇ ਸਰੀਰ ਨੂੰ ਨਹੀਂ ਹੋਵੇਗਾ। ਸਰਦੀ ਦੇ ਮੌਸਮ ’ਚ ਪਾਚਨ ਕਿਰਿਆ ਦੀ ਅਗਨੀ ਮੱਧਮ ਪੈ ਜਾਂਦੀ ਹੈ। ਇਸ ਲਈ ਠੰਢ ’ਚ ਬਹੁਤ ਸਾਰੇ ਲੋਕਾਂ ਨੂੰ ਉਲਟੀਆਂ ਤੇ ਦਸਤ ਰੋਗ ਲੱਗ ਜਾਂਦਾ ਹੈ। ਬਹੁਤ ਸਾਰੇ ਲੋਕਾਂ ’ਚ ਮਹਾਮਾਰੀ ਕਾਰਨ ਤਣਾਅ ਵਧਿਆ ਹੈ। ਜੀਵਨਸ਼ੈਲੀ ਤੇ ਖਾਣ-ਪੀਣ ’ਚ ਤਬਦੀਲੀ ਲਿਆ ਕੇ ਖ਼ੁਦ ਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਤੰਦਰੁਸਤ ਰੱਖੋ।
ਪੇਟ ਦੀ ਸਮੱਸਿਆ ਅੱਜ-ਕੱਲ੍ਹ ਹਰ ਘਰ ’ਚ ਹੀ ਹੈ। ਇਸ ਦਾ ਮੱੁਖ ਕਾਰਨ ਖਾਣ-ਪੀਣ ਦਾ ਨਿਯਮਿਤ ਸਮਾਂ ਨਾ ਹੋਣਾ, ਜ਼ਿਆਦਾਤਰ ਬਾਹਰ ਦਾ ਖਾਣਾ ਖਾਣਾ, ਦੂਸ਼ਿਤ ਪਾਣੀ ਪੀਣਾ ਆਦਿ ਹਨ। ਪਿਛਲੇ ਦੋ ਦਹਾਕਿਆਂ ਤੋਂ ਸਾਡੇ ਖਾਣ-ਪੀਣ ਦੇ ਤਰੀਕਿਆਂ ’ਚ ਤਬਦੀਲੀ ਆਈ ਹੈ। ਉਦਾਹਰਨ ਵਜੋਂ ਪਹਿਲਾਂ ਜਿੱਥੇ ਸ਼ਹਿਰਾਂ ’ਚ ਲੋਕ ਮਹੀਨੇ-ਦੋ ਮਹੀਨੇ ਬਾਅਦ ਬਾਹਰਲਾ ਖਾਣਾ ਖਾਂਦੇ ਸਨ, ਉਥੇ ਹੀ ਅੱਜ ਕੁਝ ਲੋਕ ਪੂਰਾ ਮਹੀਨਾ ਹੀ ਬਾਹਰਲਾ ਖਾਣਾ ਖਾਂਦੇ ਹਨ। ਇਹੀ ਨਹੀਂ ਪਹਿਲਾਂ ਅਸੀਂ ਪੱਛਮੀ ਦੇਸ਼ਾਂ ਦੀ ਖ਼ੁਰਾਕ, ਜਿਵੇਂ ਪੀਜ਼ਾ-ਬਰਗਰ ਆਦਿ ਦਾ ਸੇਵਨ ਨਾਂਹ ਦੇ ਬਰਾਬਰ ਕਰਦੇ ਸੀ, ਚਾਈਨਜ਼ ਫੂਡ ਦਾ ਸੱਭਿਆਚਾਰ ਵੀ ਇੱਥੇ ਨਹੀਂ ਸੀ ਪਰ ਹੁਣ ਇਸ ਸੱਭਿਆਚਾਰ ’ਚ ਵੀ ਤਬਦੀਲੀ ਆਈ ਹੈ। ਬਾਜ਼ਾਰ ’ਚੋਂ ਚਾਈਨਜ਼ ਫੂਡ ਆਮ ਮਿਲ ਜਾਂਦਾ ਹੈ। ਉਸ ਤੋਂ ਵੀ ਖ਼ਤਰਨਾਕ ਇਹ ਹੈ ਕਿ ਚੀਨੀ ਲੋਕ ਨੂਡਲਜ਼ ਜਾਂ ਮੋਮੋਜ਼ ਆਦਿ ਨੂੰ ਉਬਾਲ ਕੇ ਖਾਂਦੇ ਹਨ ਪਰ ਅਸੀਂ ਉਹੀ ਚੀਜ਼ਾਂ ਮਸਾਲਿਆਂ ਨਾਲ ਜਾਂ ਫਰਾਈ ਕਰ ਕੇ ਖਾਂਦੇ ਹਾਂ, ਜੋ ਬੇਹੱਦ ਨੁਕਸਾਨਦੇਹ ਹੈ।
ਜਿਗਰ ’ਤੇ ਪ੍ਰਭਾਵ
ਖਾਣ-ਪੀਣ ਦੇ ਤਰੀਕੇ ਦਾ ਅਸਰ ਸਾਡੇ ਲਿਵਰ ’ਤੇ ਵੀ ਪੈਂਦਾ ਹੈ। ਇਸ ਨਾਲ ਹੈਪੇਟਾਈਟਸ-ਬੀ, ਹੈਪੇਟਾਈਟਸ-ਸੀ, ਫੈਟੀ ਲਿਵਰ ਆਦਿ ਸਮੱਸਿਆਵਾਂ ਹੰੁਦੀਆਂ ਹਨ। ਫੈਟੀ ਲਿਵਰ ਦੀ ਸਮੱਸਿਆ ਦਾ ਮੱੁਖ ਕਾਰਨ ਜ਼ਿਆਦਾ ਚੀਨੀ, ਜ਼ਿਆਦਾ ਤੇਲ ਤੇ ਮਸਾਲੇਦਾਰ ਭੋਜਨ ਖਾਣਾ ਹੈ। ਇਸ ਦੇ ਨਾਲ ਹੀ ਸ਼ਰਾਬ ਤੇ ਸਿਗਰਟਨੋਸ਼ੀ ਵੀ ਇਸ ਰੋਗ ਦਾ ਮੱੁਖ ਕਾਰਨ ਹੈ। ਇਸ ਦੀ ਜਾਂਚ ਲਈ ਫਾਈਬ੍ਰੋਸਕੈਨ ਕੀਤੀ ਜਾਂਦੀ ਹੈ। ਇਸ ਦੀ ਮਦਦ ਨਾਲ ਇਹ ਚੈੱਕ ਕੀਤਾ ਜਾਂਦਾ ਹੈ ਕਿ ਜਿਗਰ ’ਚ ਕਿੰਨੀ ਮਾਤਰਾ ’ਚ ਫੈਟ ਜਮ੍ਹਾਂ ਹੈ ਤੇ ਇਸ ਦਾ ਕਿੰਨਾ ਨੁਕਸਾਨ ਜਿਗਰ ਨੂੰ ਪਹੁੰਚਿਆ ਹੈ।
ਆਲਸ ਬੁਰੀ ਬਲਾ
ਇਕ ਤਾਂ ਮੋਬਾਈਲ ਫੋਨਾਂ ਨੇ ਸਾਨੂੰ ਦੇਰ ਰਾਤ ਤਕ ਜਾਗਣਾ ਸਿਖਾ ਦਿੱਤਾ ਹੈ। ਇਸ ਕਾਰਨ ਅਸੀਂ ਸਵੇਰੇ ਜਲਦੀ ਉੱਠਦੇ ਨਹੀਂ ਹਾਂ। ਹੁਣ ਸਵੇਰੇ ਦੇਰ ਨਾਲ ਉੱਠਣ ਕਰਕੇ ਸੈਰ ’ਤੇ ਨਹੀਂ ਜਾਂਦੇ ਤੇ ਨਾ ਹੀ ਬੱਚਿਆਂ ਨੂੰ ਟਹਿਲਣ ਲਈ ਲਿਜਾਂਦੇ ਹਾਂ। ਇਸ ਤਰ੍ਹਾਂ ਬਦਲਦੀ ਜੀਵਨਸ਼ੈਲੀ ਨੇ ਸਭ ਤੋਂ ਜ਼ਿਆਦਾ ਸਾਡੇ ਪਾਚਨ-ਤੰਤਰ ਨੂੰ ਨੁਕਸਾਨ ਪਹੰੁਚਾਇਆ ਹੈ, ਜਿਸ ਕਰਕੇ ਗੈਸ ਦੀ ਸਮੱਸਿਆ, ਪੇਟ ਸਾਫ਼ ਨਾ ਰਹਿਣਾ ਆਦਿ ਸਮੱਸਿਆਵਾਂ ਆਮ ਹੋ ਗਈਆਂ ਹਨ। ਡਿਪਰੈਸ਼ਨ ਵੀ ਕਬਜ਼ ਦੀ ਇਕ ਵਜ੍ਹਾ ਹੈ। ਔਰਤਾਂ ਅਕਸਰ ਸਵੇਰ ਦਾ ਨਾਸ਼ਤਾ ਨਹੀਂ ਕਰਦੀਆਂ ਪਰ ਸਵੇਰ ਤੋਂ ਤਿੰਨ-ਚਾਰ ਕੱਪ ਜ਼ਰੂਰ ਪੀ ਲੈਂਦੀਆਂ ਹਨ। ਇਸ ਨਾਲ ਵੀ ਗੈਸ, ਬਦਹਜ਼ਮੀ ਤੇ ਕਬਜ਼ ਦੀ ਸਮੱਸਿਆ ਪੈਦਾ ਹੰੁਦੀ ਹੈ।
ਖ਼ਤਰਨਾਕ ਹੈ ਟਰਾਂਸ ਫੈਟ
ਇਕ ਹੀ ਖ਼ੁਰਾਕੀ ਤੇਲ ਨੂੰ ਵਾਰ-ਵਾਰ ਵਰਤੋਂ ’ਚ ਲਿਆਉਣ ਨਾਲ ਟ੍ਰਾਂਸ ਫੈਟ ਦਾ ਨਿਰਮਾਣ ਹੰੁਦਾ ਹੈ। ਇਹ ਬਹੁਤ ਖ਼ਤਰਨਾਕ ਹੈ। ਇਹ ਪੇਟ ਤੇ ਪਾਚਨ-ਤੰਤਰ ਲਈ ਤਾਂ ਨੁਕਸਾਨਦੇਹ ਹੈ ਹੀ, ਨਾਲ ਹੀ ਦਿਲ ਤੇ ਲਿਵਰ ਲਈ ਵੀ ਹਾਨੀਕਾਰਕ ਹੈ।
ਹੈਪੇਟਾਈਟਸ
ਦੋ ਤਰ੍ਹਾਂ ਦੇ ਹੈਪੇਟਾਈਟਸ ਜ਼ਿਆਦਾ ਦੇਖੇ ਜਾਂਦੇ ਹਨ ਹੈਪੇਟਾਈਟਸ-ਬੀ ਅਤੇ ਸੀ। ਇਨ੍ਹਾਂ ਤੋਂ ਬਚਾਅ ਲਈ ਟੀਕਾ ਆਉਂਦਾ ਹੈ, ਜੋ ਬੱਚਿਆਂ ਤੇ ਵੱਡਿਆਂ ਦੋਵਾਂ ਨੂੰ ਲਾਇਆ ਜਾਂਦਾ ਹੈ। ਬੱਚਿਆਂ ਦਾ ਟੀਕਾ ਜਿੱਥੇ ਸਰਕਾਰੀ ਸਿਹਤ ਕੇਂਦਰਾਂ ’ਤੇ ਮੁਫ਼ਤ ਮਿਲਦਾ ਹੈ, ਉੱਥੇ ਵੱਡਿਆਂ ਦਾ ਟੀਕਾ ਵੀ ਸਸਤੇ ਰੇਟਾਂ ’ਤੇ ਮਿਲ ਜਾਂਦਾ ਹੈ ਤੇ ਇਸ ਨਾਲ ਕਰੀਬ 99 ਫ਼ੀਸਦੀ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ।
ਜੀਵਨਸ਼ੈਲੀ ’ਚ ਲਿਆਓ ਤਬਦੀਲੀ
ਉੱਠਣ ਦੀ ਪ੍ਰਕਿਰਿਆ : ਸੂਰਜ ਚੜ੍ਹਨ ਤੋਂ ਦੋ ਘੰਟੇ ਪਹਿਲਾਂ ਉੱਠੋ। ਇਸ ਸਮੇਂ ਵਾਤਾਵਰਨ ’ਚ ਸ਼ਾਂਤੀ ਤੇ ਸ਼ੱੁਧਤਾ ਬਣੀ ਹੰੁਦੀ ਹੈ। ਸਵੇਰ ਸਮੇਂ ਦਿਨ ਵੇਲੇ ਕਰਨ ਵਾਲੇ ਕੰਮਾਂ ਦੀ ਯੋਜਨਾ ਬਣਾ ਲਵੋ। ਸਵੇਰੇ ਜਾਗਣ ਤੋਂ ਬਾਅਦ ਬਹੁਤ ਸਾਰੇ ਫ਼ਾਇਦੇਮੰਦ ਬੈਕਟੀਰੀਆ ਸਾਡੇ ਮੰੂਹ ’ਚ ਮੌਜੂਦ ਹੰੁਦੇ ਹਨ। ਇਸ ਲਈ ਸਵੇਰੇ ਉੱਠਣ ਤੋਂ ਬਾਅਦ ਬਿਨਾਂ ਕੁਰਲੀ ਕੀਤਿਆਂ ਹੀ ਕੋਸਾ ਪਾਣੀ ਪੀਓ।
ਮੰੂਹ ਧੋਣਾ : ਰੋਜ਼ਾਨਾ ਮੰੂਹ ਧੋਣ ਤੋਂ ਬਾਅਦ ਖਾਲੀ ਪੇਟ 2 ਗਲਾਸ ਕੋਸਾ ਪਾਣੀ ਪੀਓ। ਮੋਟਾਪੇ ਤੋਂ ਪੀੜਤ ਲੋਕ ਕੋਸਾ ਪਾਣੀ ਜ਼ਰੂਰ ਪੀਣ। ਹਮੇਸ਼ਾ ਬੈਠ ਕੇ ਹੀ ਪਾਣੀ ਪੀਓ। ਖੜ੍ਹੇ ਹੋ ਕੇ ਪਾਣੀ ਪੀਣ ਨਾਲ ਜੋੜਾਂ ’ਚ ਦਰਦ ਹੋ ਸਕਦਾ ਹੈ।
ਕਸਰਤ : ਸਰੀਰ ਦੀ ਤਾਕਤ ਅਨੁਸਾਰ ਕਸਰਤ ਕਰੋ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਖ਼ੂਨ ਦਾ ਦੌਰਾ ਠੀਕ ਰਹਿਣ ਨਾਲ ਹਾਰਟ ਬਲੌਕਜ਼ ਦਾ ਜੋਖਮ ਘੱਟ ਹੰੁਦਾ ਹੈ। ਕਸਰਤ ਕਰਨ ਤੋਂ ਬਾਅਦ ਸਰੀਰ ਨੂੰ ਹੌਲੀ-ਹੌਲੀ ਮਲੋ। ਇਸ ਨਾਲ ਕੰਮ ਕਰਨ ਦੀ ਸਮਰੱਥਾ, ਸਥਿਰਤਾ ਤੇ ਪਾਚਨ ਸ਼ਕਤੀ ਵੱਧਦੀ ਹੈ। ਭੱੁਖੇ ਤੇ ਪਿਆਸੇ ਪੇਟ ਕਸਰਤ ਨਾ ਕਰੋ। ਜੇ ਤੁਸੀਂ ਥੱਕੇ ਹੋਏ ਹੋ ਤਾਂ ਕਸਰਤ ਕਰਨ ਤੋਂ ਪਰਹੇਜ਼ ਕਰੋ।
ਭੋਜਨ ਖਾਂਦੇ ਸਮੇਂ ਨਾ ਪੀਓ ਪਾਣੀ : ਭੋਜਨ ਖਾਣ ਤੋਂ ਅੱਧਾ ਘੰਟਾ ਪਹਿਲਾਂ ਤੇ ਅੱਧਾ ਘੰਟਾ ਬਾਅਦ ਪਾਣੀ ਪੀਓ। ਜ਼ਰੂਰਤ ਪੈਣ ’ਤੇ ਇਕ-ਦੋ ਘੱੁਟ ਪਾਣੀ ਪੀ ਸਕਦੇ ਹੋ। ਸਾਦਾ ਜਾਂ ਕੋਸਾ ਪਾਣੀ ਹੀ ਪੀਓ। ਭੋਜਨ ਤੋਂ ਤੁਰੰਤ ਬਾਅਦ ਪਾਚਨ ਕਿਰਿਆ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਭੋਜਨ ਸਹੀ ਤਰੀਕੇ ਨਾਲ ਨਹੀਂ ਪਚੇਗਾ। ਐਸੀਡਿਟੀ ਤੇ ਕਬਜ਼ ਜਿਹੀਆਂ ਸਮੱਸਿਆ ਵੱਧ ਜਾਣਗੀਆਂ।
ਸੰਤੁਲਿਤ ਭੋਜਨ : ਰੋਜ਼ਾਨਾ ਜ਼ਿੰਦਗੀ ’ਚ 40-50 ਗ੍ਰਾਮ ਕੋਈ ਵੀ ਦਾਲ ਖਾਣੀ ਕਾਫ਼ੀ ਹੈ। ਫਲਾਂ ਨਾਲ ਵੀ ਸਰੀਰ ਨੂੰ ਕਾਫ਼ੀ ਪ੍ਰੋਟੀਨ ਮਿਲ ਜਾਂਦੀ ਹੈ। ਇਹ ਵੀ ਦੇਖਣ ’ਚ ਆਇਆ ਹੈ ਕਿ ਜਦੋਂ ਕਿਸੇ ਵਿਅਕਤੀ ਦੀ ਆਰਥਿਕ ਹਾਲਤ ਸੁਧਰਦੀ ਹੈ ਤਾਂ ਮਾਸਾਹਾਰੀ ਖ਼ੁਰਾਕ ਦੀ ਵਰਤੋਂ ਵੱਧ ਕੀਤੀ ਜਾਂਦੀ ਹੈ। ਇਸ ਲਈ ਕਸਰਤ ਕਰਨ ਵਾਲਿਆਂ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਸੰਤੁਲਿਤ ਭੋਜਨ ਦਾ ਹੀ ਸੇਵਨ ਕਰਨ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
– ਹਰੀ ਸਬਜ਼ੀਆਂ, ਸਲਾਦ ਤੇ ਪ੍ਰੋਟੀਨਯੁਕਤ ਖ਼ੁਰਾਕ ਖਾਓ।
– ਤਲੀਆਂ ਹੋਈਆਂ, ਜੰਕ ਫੂਡ ਤੇ ਕੋਲਡ ਡਰਿੰਕ ਆਦਿ ਤੋਂ ਪਰਹੇਜ਼ ਕਰੋ।
– ਫਰਿੱਜ਼ ਦਾ ਪਾਣੀ ਨੀ ਪੀਓ। ਕੋਸਾ ਪਾਣੀ ਪੀਓ।
– ਜਿੰਨੀ ਭੱੁਖ ਹੈ, ਉਸ ਤੋਂ ਘੱਟ ਖਾਓ।
– ਭੋਜਨ ਕਰਨ ਤੋਂ ਤੁਰੰਤ ਬਾਅਦ ਨਾ ਸੌਵੋਂ। ਖਾਣ ਤੇ ਸੌਣ ’ਚ ਘੱਟੋ-ਘੱਟ 2-3 ਘੰਟੇ ਦਾ ਫ਼ਰਕ ਰੱਖੋ।
– ਠੰਢ ’ਚ ਉਬਲੇ ਹੋਏ ਭੋਜਨ ਨੂੰ ਪਹਿਲ ਦਿਉ।
– ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਹੈ ਤਾਂ ਘਰੋਂ ਨਾ ਨਿਕਲੋ।
– ਸਰਦੀਆਂ ’ਚ ਪਿਆਸ ਘੱਟ ਲਗਦੀ ਹੈ ਪਰ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ। ਇਸ ਨਾਲ ਸਰੀਰ ’ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।