ਅਮਰੀਕਾ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਕੋਰੋਨਾ ਸੰਕਰਮਣ ਤੋਂ ਬਾਅਦ ਇੱਕ ਸਾਲ ਤਕ ਚਿੰਤਾ, ਡਿਪਰੈਸ਼ਨ ਤੇ ਇਨਸੌਮਨੀਆ ਆਦਿ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ‘ਬੀਐਮਜੇ’ ਜਰਨਲ ਵਿੱਚ ਬੁੱਧਵਾਰ ਨੂੰ ਪ੍ਰਕਾਸ਼ਿਤ ਅਧਿਐਨ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਕੋਵਿਡ-19 ਪੀੜਤਾਂ ਨੂੰ ਆਪਣੀ ਮਾਨਸਿਕ ਸਿਹਤ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਅਧਿਐਨ ਨਾਲ ਜੁੜੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਇਸ ਦੇ ਸੀਨੀਅਰ ਲੇਖਕ ਜ਼ਿਆਦ ਅਲ-ਅਲੀ ਨੇ ਕਿਹਾ, ‘ਕੋਵਿਡ-19 ਮਹਾਮਾਰੀ ਕਾਰਨ ਵਿਸ਼ਵ ਪੱਧਰ ‘ਤੇ ਮਾਨਸਿਕ ਸਿਹਤ ਰੋਗਾਂ ਦੇ 14.8 ਮਿਲੀਅਨ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇਕੱਲੇ ਅਮਰੀਕਾ ਵਿਚ ਅਜਿਹੇ 2.8 ਮਿਲੀਅਨ ਮਾਮਲੇ ਵਧੇ ਹਨ।’
ਵਾਸ਼ਿੰਗਟਨ ਯੂਨੀਵਰਸਿਟੀ ਦੇ ਮਹਾਂਮਾਰੀ ਵਿਗਿਆਨੀ ਅਲ-ਅਲੀ ਨੇ ਕਿਹਾ, “ਸਾਡੇ ਅੰਕੜਿਆਂ ਵਿੱਚ ਉਹ ਲੱਖਾਂ ਲੋਕ ਸ਼ਾਮਲ ਨਹੀਂ ਹਨ ਜੋ ਮਾਨਸਿਕ ਬਿਮਾਰੀਆਂ ਤੋਂ ਪੀੜਤ ਹਨ ਪਰ ਹਿਚਕਚਾਹਟ ਜਾਂ ਸਰੋਤਾਂ ਦੀ ਘਾਟ ਕਾਰਨ ਇਲਾਜ ਦੀ ਮੰਗ ਨਹੀਂ ਕਰ ਰਹੇ ਹਨ।”ਅਧਿਐਨ ਲਈ ਖੋਜਕਰਤਾਵਾਂ ਨੇ ਬਜ਼ੁਰਗਾਂ ਦੇ ਮਾਮਲਿਆਂ ਨਾਲ ਸਬੰਧਿਤ ਵਿਭਾਗ ਦੇ ਅੰਕੜਿਆਂ ਦੀ ਮਦਦ ਲਈ। ਮਾਰਚ 2020 ਤੋਂ ਜਨਵਰੀ 2021 ਦੇ ਵਿਚਕਾਰ, ਪੀਸੀਆਰ ਰਿਪੋਰਟ ਆਉਣ ਦੇ ਘੱਟੋ-ਘੱਟ 30 ਦਿਨਾਂ ਬਾਅਦ, ਕੋਰੋਨਾ ਨੂੰ ਹਰਾਉਣ ਵਾਲਿਆਂ ਦੇ ਅੰਕੜਿਆਂ ਦੀ ਘੋਖ ਕੀਤੀ ਗਈ। ਖੋਜਕਰਤਾਵਾਂ ਨੇ ਦੋ ਵੱਡੇ ਸਮੂਹਾਂ ਦੀਆਂ ਰਿਪੋਰਟਾਂ ਦੀ ਤੁਲਨਾ ਕਰਨ ਤੋਂ ਬਾਅਦ ਕਿਹਾ ਕਿ ਪੀੜਤਾਂ ‘ਚ ਕੋਰੋਨਾ ਸੰਕ੍ਰਮਣ ਤੋਂ ਬਾਅਦ ਇੱਕ ਸਾਲ ਤਕ ਮਾਨਸਿਕ ਬਿਮਾਰੀ ਦਾ ਖ਼ਤਰਾ 60 ਪ੍ਰਤੀਸ਼ਤ ਤਕ ਵੱਧ ਜਾਂਦਾ ਹੈ।