ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਦੇਸ਼ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਮੋਦੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਚਾਨਣਾ ਪਾਇਆ। ਤਮਿਲ ਨਾਡੂ ਫਿਜੀਕਲ ਐਜੂਕੇਸ਼ਨ ਤੇ ਸਪੋਰਟਸ ਯੂਨੀਵਰਸਿਟੀ ਦੀ 13ਵੀਂ ਕਾਨਵੋਕੇਸ਼ਨ ਦੌਰਾਨ ਸੰਬੋਧਨ ਕਰਦਿਆਂ ਠਾਕੁਰ ਨੇ ਕਿਹਾ ਕਿ ਦੇਸ਼ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਗਏ ਹਨ ਅਤੇ ਨਤੀਜਾ ਸਭ ਦਾ ਸਾਹਮਣੇ ਹੈ। ਸਮਾਗਮ ਵਿੱਚ ਸੂਬੇ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਚਾਂਸਲਰ ਆਰ ਐਨ ਰਵੀ ਅਤੇ ਤਮਿਲ ਨਾਡੂ ਦੇ ਯੂਥ ਵੈਲਫੇਅਰ ਤੇ ਸਪੋਰਟਸ ਮੰਤਰੀ ਉਧਯਨਿਧੀ ਸਟਾਲਿਨ ਵੀ ਹਾਜ਼ਰ ਸਨ।
ਠਾਕੁਰ ਨੇ ਕਿਹਾ, ‘ਪ੍ਰਧਾਨ ਮੰੰਤਰੀ ਮੋਦੀ ਹਮੇਸ਼ਾ ਭਾਰਤ ਨੂੰ ਖੇਡਾਂ ਵਿੱਚ ਨਵੀਆਂ ਉਚਾਈਆਂ ’ਤੇ ਪਹੁੰਚਾਉਣ ਲਈ ਉਤਸ਼ਾਹਿਤ ਕਰਦੇ ਰਹਿੰਦੇ ਹਨ। ਇਹੀ ਅਹਿਦ ਸਾਡੇ ਅਥਲੀਟਾਂ ਵਿੱਚ ਜੋਸ਼ ਭਰਦਾ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਦਾ ਖੇਡ ਖੇਤਰ ਵਧ-ਫੁੱਲ ਰਿਹਾ ਹੈ।’ ਉਨ੍ਹਾਂ ਕਿਹਾ ਕਿ ਖੇਲੋ ਇੰਡੀਆ ਪ੍ਰਾਜੈਕਟ ਤਹਿਤ ਕਈ ਸਪੋਰਟਸ ਸੈਂਟਰਾਂ ਵਿੱਚ ਖੇਡ ਮੁਕਾਬਲੇ ਕਰਵਾਏ ਗਏ ਹਨ। ਉਨ੍ਹਾਂ ਕੋਚਾਂ ਦੀ ਭਰਤੀ ਤੇ ਬੁਨਿਆਦੀ ਢਾਂਚੇ ’ਤੇ ਜ਼ੋਰ ਦਿੰਦਿਆਂ ਕਿਹਾ, ‘ਜਦੋਂ ਮੈਂ ਮੰਤਰੀ ਦਾ ਅਹੁਦਾ ਸੰਭਾਲਿਆ ਤਾਂ ਮੇਰਾ ਮਕਸਦ ਪ੍ਰਸ਼ਾਸਕੀ ਅਹੁਦਿਆਂ ਨੂੰ ਘਟਾ ਕੇ ਵੱਧ ਤੋਂ ਵੱਧ ਕੋਚਾਂ ਦੀ ਭਰਤੀ ਕਰਨਾ ਸੀ। ਅਸੀਂ ਨੌਂ ਮਹੀਨਿਆਂ ਤੋਂ ਘੱਟ ਸਮੇਂ ਵਿੱਚ 450 ਕੋਚਾਂ ਦੀ ਭਰਤੀ ਕੀਤੀ।’ ਜ਼ਿਕਰਯੋਗ ਹੈ ਕਿ ਅਨੁਰਾਗ ਠਾਕੁਰ ਕੋਲ ਯੁਵਕ ਮਾਮਲਿਆਂ ਤੇ ਖੇਡਾਂ ਤੋਂ ਇਲਾਵਾ ਸੂਚਨਾ ਤੇ ਪ੍ਰਸਾਰਨ ਪੋਰਟਫੋਲੀਓ ਦਾ ਚਾਰਜ ਹੈ।