ਮਨੁੱਖ ‘ਚ ਸਵੀਕਾਰੇ ਜਾਣ ਦੀ ਚਾਹਨਾ ਬਹੁਤ ਪ੍ਰਬਲ ਹੁੰਦੀ ਹੈ। ਕਈ ਵਾਰ ਇਸ ਦੀ ਘਾਟ ਕਾਰਨ ਵਡਮੁੱਲੇ ਕਲਾਕਾਰ ਤੇ ਵਿਚਾਰ ਜ਼ਮਾਨੇ ਦੀ ਖ਼ਾਕ ਅੰਦਰ ਰੁਲ ਜਾਂਦੇ ਹਨ। ਮਿੱਟੀ ਵਿਚ ਪਿਆ ਹੀਰਾ ਬੇਸ਼ੱਕ ਹੁੰਦਾ ਹੀਰਾ ਹੀ ਹੈ ਪਰ ਮਿੱਟੀ ਦੀ ਤਹਿ ‘ਚ ਆ ਕੇ ਉਹ ਆਪਣੀ ਚਮਕ ਗੁਆ ਬੈਠਦਾ ਹੈ। ਲੋਕ ਤਾਂ ਕੀ ਉਹ ਖ਼ੁਦ ਵੀ ਆਪਣੀ ਚਮਕ ਤੋਂ ਅਣਜਾਣ ਰਹਿੰਦਾ ਹੈ। ਕਿਸੇ ਦੀ ਛੋਹ ਤੇ ਉਸ ਤੋਂ ਹਟਾਈ ਮਿੱਟੀ ਤੋਂ ਬਾਅਦ ਉਸ ਦੀ ਚਮਕ ਹੀ ਉਸ ਨੂੰ ਸ਼ੋਅਰੂਮ ਤਕ ਲੈ ਜਾਂਦੀ ਹੈ। ਸ਼ੋਅਰੂਮ ‘ਚੋਂ ਕਿਸੇ ਦੇ ਸ਼ਿੰਗਾਰ ਤਕ ਜਿੱਥੇ ਉਸ ਨੂੰ ਵਾਰ-ਵਾਰ ਨਿਹਾਰਿਆ, ਸ਼ਿੰਗਾਰਿਆ ਤੇ ਸਲਾਹਿਆ ਜਾਂਦਾ ਹੈ, ਜਿਸ ਕਾਰਨ ਉਹ ਬੇਸ਼ਕੀਮਤੀ ਬਣ ਜਾਂਦਾ ਹੈ। ਇਹੀ ਹਾਲ ਸਾਡਾ ਵੀ ਹੈ। ਸਾਡੇ ਵਿਚਾਰ ਤੇ ਅਸੀਂ ਵੀ ਜੇ ਸਮਾਜ ਤੇ ਪਰਿਵਾਰ ਵਿਚ ਸਵੀਕਾਰੇ ਨਾ ਜਾਈਏ ਤਾਂ ਅਸੀਂ ਅੰਦਰ ਨੂੰ ਸਿਮਟਣਾ ਸ਼ੁਰੂ ਕਰ ਦਿੰਦੇ ਹਾਂ। ਹੌਲੀ-ਹੌਲੀ ਆਪਣੀ ਚਮਕ ਗੁਆ ਬੈਠਦੇ ਹਾਂ। ਇਸ ਦੇ ਉਲਟ ਹੱਲਾ+ਸ਼ੇਰੀ ਦੇ ਦੋ ਸ਼ਬਦ ਸਾਡੇ ਅੰਦਰ ਚਾਅ ਭਰ ਦਿੰਦੇ ਹਨ।
ਬੱਚੇ ‘ਚ ਪੈਦਾ ਕਰਦੀ ਹੈ ਉਤਸ਼ਾਹ
ਕਦੇ ਬੱਚੇ ਨੂੰ ਉਸ ਦੀਆਂ ਵਿੰਗੀਆਂ-ਟੇਢੀਆਂ ਲਕੀਰਾਂ ਲਈ ਸਭ ਸਾਹਮਣੇ ਸ਼ਾਬਾਸ਼ ਕਹਿ ਕੇ ਵੇਖਣਾ, ਅਗਲੇ ਹੀ ਦੇਖਣਾ ਹੋਰ ਕਿੰਨੀਆਂ ਹੋਰ ਤਸਵੀਰਾਂ ਬਣ ਜਾਣਗੀਆਂ, ਭਾਵੇਂ ਉਹ ਤਸਵੀਰਾਂ ਅਜੇ ਸਮਝ ਨਹੀਂ ਆਉਣਗੀਆਂ। ਇਸ ਚਾਅ ਦੇ ਚੱਲਦਿਆਂ ਇਕ ਦਿਨ ਸਮਝ ਆਉਣਯੋਗ ਤਸਵੀਰਾਂ ਬਣਨੀਆਂ ਸ਼ੁਰੂ ਹੋਣਗੀਆਂ ਤੇ ਦੂਜਾ ਹੁਣ ਉਹ ਤੁਹਾਡੀ ਹਰ ਗੱਲ ਧਿਆਨ ਨਾਲ ਸੁਣੇਗਾ ਤੇ ਉਸ ‘ਤੇ ਅਮਲ ਕਰਨ ਦੀ ਕੋਸ਼ਿਸ਼ ਕਰੇਗਾ।
ਆਲੋਚਨਾ ਕਰਨ ਤੋਂ ਕਰੋ ਗੁਰੇਜ਼
ਹੱਲਾਸ਼ੇਰੀ ਔਖੇ ਤੋਂ ਔਖੇ ਕੰਮ ਨੂੰ ਸੌਖਾ ਕਰ ਉਸ ‘ਚ ਰੁਚੀ ਭਰ ਦਿੰਦੀ ਹੈ। ਸ਼ਰਾਰਤੀ ਤੋਂ ਸ਼ਰਾਰਤੀ ਬੱਚੇ ਨੂੰ ਅਨੁਸ਼ਾਸਿਤ ਬਣਾ ਦਿੰਦੀ ਹੈ। ਜਦੋਂ ਹੱਲਾਸ਼ੇਰੀ ਵਜੋਂ ਬੋਲੇ ਲਫ਼ਜ਼ਾਂ ਵਿਚ ਜ਼ਿੰਦਗੀ ਨੂੰ ਪਲਟਣ ਦੀ ਸਮਰੱਥਾ ਹੋਵੇ ਤਾਂ ਬਣਦੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਬਿਨਾਂ ਵਜ੍ਹਾ ਦੀ ਆਲੋਚਨਾ ਮਨਾਂ ਅੰਦਰ ਕੁੜੱਤਣ ਹੀ ਭਰਦੀ ਹੈ। ਸੋ ਬਿਨਾਂ ਵਜ੍ਹਾ ਦੀ ਆਲੋਚਨਾ ਤੋਂ ਗੁਰੇਜ਼ ਕਰੋ। ਕਿਸੇ ਚੀਜ਼ ਪ੍ਰਤੀ ਚਾਅ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ। ਇਹ ਚਾਅ ਸਵੀਕਾਰੇ ਜਾਣ ਤੇ ਹੱਲਾਸ਼ੇਰੀ ਤੋਂ ਬਾਅਦ ਹੀ ਮਨ ‘ਚ ਪਣਪਦਾ ਹੈ ਤੇ ਜਦੋਂ ਪੈਦਾ ਹੋ ਗਿਆ ਤਾਂ ਪਲ-ਪਲ ਸਾਨੂੰ ਆਪਣਾ ਅਕਸ ਸੰਵਾਰਨ ਲਈ ਪ੍ਰੇਰਿਤ ਕਰਦਾ ਹੈ।
ਛੋਟੇ ਕਦਮਾਂ ਤੋਂ ਸ਼ੁਰੂ ਹੁੰਦੀਆਂ ਹਨ ਵੱਡੀਆਂ ਜਿੱਤਾਂ
ਵੱਡੀਆਂ ਜਿੱਤਾਂ ਛੋਟੇ ਕਦਮਾਂ ਨਾਲ ਹੀ ਸ਼ੁਰੂ ਹੁੰਦੀਆਂ ਹਨ। ਵੱਡੇ-ਵੱਡੇ ਕਲਾਕਾਰ ਆਪਣਾ ਸਫ਼ਰ ਇਨ੍ਹਾਂ ਹੱਲਾਸ਼ੇਰੀ ਦੇ ਦੋ ਸ਼ਬਦਾਂ ਤੋਂ ਹੀ ਸ਼ੁਰੂ ਕਰਦੇ ਹਨ। ਇਸ ਤਰ੍ਹਾਂ ਮੀਲ ਪੱਥਰ ਗੱਡੇ ਜਾਂਦੇ ਹਨ, ਉਚਾਈਆਂ ਛੋਹੀਆਂ ਜਾਂਦੀਆਂ ਹਨ। ਨਿੰਦੇ ਜਾਣ ਦੀ ਪ੍ਰਵਿਰਤੀ ਜਿੱਥੇ ਸਾਡੇ ਅੰਦਰਲੇ ਕਲਾਕਾਰ ਮਾਰ ਦਿੰਦੀ ਹੈ, ਉੱਥੇ ਹੀ ਸਾਡਾ ਮਨ ਕੁੰਠਾ ਨਾਲ ਭਰ ਦਿੰਦੀ ਹੈ। ਇਹ ਕੁੰਠਾ ਸਮਾਜ, ਪਰਿਵਾਰ, ਖ਼ੁਦ ਅਤੇ ਜੀਵਨ ਪ੍ਰਤੀ ਸਾਡਾ ਮੋਹ ਭੰਗ ਕਰਦੀ ਹੈ, ਜਿਸ ਦਾ ਖ਼ਮਿਆਜ਼ਾ ਫਿਰ ਸਾਨੂੰ ਭੁਗਤਣਾ ਪੈਂਦਾ ਹੈ।
ਮੁਕਾਬਲੇ ਦੀ ਭਾਵਨਾ
ਮੁਕਾਬਲੇ ਤੇ ਤਣਾਅ ਭਰੇ ਇਸ ਆਧੁਨਿਕ ਦੌਰ ਵਿਚ ਅਸੀਂ ਹਮੇਸ਼ਾ ਖ਼ੁਦ ਨੂੰ ਭੀੜ ਵਿਚ ਖੜ੍ਹੇ ਦੇਖਦੇ ਹਾਂ, ਜਿੱਥੇ ਮੰਜ਼ਿਲ ਦਿਖਾਈ ਹੀ ਨਹੀਂ ਦਿੰਦੀ। ਅਜਿਹੇ ਹਾਲਾਤ ਵਿਚ ਕਿਸੇ ਦੀ ਕੀਤੀ ਤਾਰੀਫ਼ ਤੇ ਦਿੱਤੀ ਹੱਲਾਸ਼ੇਰੀ ਸਾਨੂੰ ਸਿਖ਼ਰਲੀਆਂ ਸਫ਼ਾਂ ‘ਤੇ ਪਹੁੰਚਾ ਦਿੰਦੀ ਹੈ, ਜਿਸ ਕਾਰਨ ਅਸੀਂ ਖ਼ੁਦ ਨੂੰ ਉਸ ਭੀੜ ‘ਚੋਂ ਅਲੱਗ ਦਿਸਣ ਵਿਚ ਕਾਮਯਾਬ ਹੋ ਜਾਂਦੇ ਹਾਂ। ਮੁਕਾਬਲੇ ਦੀ ਭਾਵਨਾ ਤੋਂ ਛੁਟਕਾਰਾ ਪਾ ਕੇ ਖ਼ੁਦ ਨੂੰ ਬਹੁਤਿਆਂ ਤੋਂ ਅੱਗੇ ਮਹਿਸੂਸ ਕਰਦੇ ਹਾਂ। ਇਹ ਸਫ਼ਰ ਨੂੰ ਆਨੰਦਦਾਇਕ ਬਣਾਉਂਦਾ ਹੈ।
ਬੱਚਿਆਂ ‘ਚ ਭਰੋ ਉਤਸ਼ਾਹ
ਜੇ ਤੁਸੀਂ ਕਿਸੇ ਨੂੰ ਚੰਗਾ ਮਹਿਸੂਸ ਕਰਵਾਓਗੇ ਤਾਂ ਤੁਸੀਂ ਵੀ ਚੰਗਾ ਮਹਿਸੂਸ ਕਰੋਗੇ। ਅਕਸਰ ਕਹਿੰਦੇ ਹਨ ਕਿ ਮਾੜੇ ਬੰਦੇ ਵਿਚ ਵੀ ਕੋਈ ਗੁਣ ਚੰਗਾ ਹੋਵੇਗਾ, ਸੋ ਉਸੇ ਚੰਗੇ ਨੂੰ ਚੰਗਾ ਕਹੋ। ‘ਤੂੰ ਕਰ ਸਕਦਾ ਹੈ’ ਵਾਕ ਇਕ ਅਜਿਹਾ ਵਾਕ ਹੈ, ਜੋ ਕਿਸੇ ਵਿਅਕਤੀ ਵਿਚ ਕੰਮ ਕਰਨ ਦੀ ਅਥਾਹ ਸ਼ਕਤੀ ਭਰ ਦਿੰਦਾ ਹੈ। ਆਪਣੇ ਬੱਚਿਆਂ ਨੂੰ ਕੋਈ ਕੰਮ ਸੌਂਪਣ ਵੇਲੇ ਇਸ ਵਾਕ ਦੀ ਵਰਤੋਂ ਜ਼ਰੂਰ ਕਰੋ। ਉਸ ਨੂੰ ਉਹ ਕੰਮ ਕਰਨ ਲਈ ਪ੍ਰੇਰਿਤ ਕਰੋ, ਹੱਲਾਸ਼ੇਰੀ ਦਿਉ ਤੇ ਇਹ ਵਾਕ ਦੇ ਨਾਲ ਇਹ ਵੀ ਜ਼ਰੂਰ ਕਹੋ ਕਿ ਮੈਨੂੰ ਤੇਰੇ ‘ਤੇ ਪੂਰਾ ਯਕੀਨ ਹੈ। ਇਹ ਕਦੇ ਨਾ ਕਹੋ ਕਿ ‘ਇਨ੍ਹੇ ਕੀ ਕਰਨਾ’, ‘ਇਹ ਕਿੱਥੋਂ ਕਰ ਲੂ’ ਜੋ ਅਸੀਂ ਅਕਸਰ ਹੀ ਬੱਚਿਆਂ ਨੂੰ ਕਹਿ ਦਿੰਦੇ ਹਾਂ। ਬਹੁਤ ਥੋੜ੍ਹੇ ਬੱਚੇ ਜ਼ਿੱਦੀ ਹੋਣਗੇ, ਜਿਹੜੇ ਆਖ ਦੇਣਗੇ ਕਿ ਲੈ ਹੁਣ ਇਹ ਕਰਕੇ ਹੀ ਦਿਖਾÀੂਂ, ਨਹੀਂ ਬਹੁਤੇ ਤਾਂ ਉੱਥੇ ਹੀ ਹਥਿਆਰ ਸੁੱਟ ਦੇਣਗੇ, ਜੋ ਠੀਕ ਨਹੀਂ ਹੈ।
ਕੋਰੀ ਸਲੇਟ ਹੁੰਦੇ ਹਨ ਬੱਚੇ
ਜਦੋਂ ਅਸੀਂ ਜਾਣਦੇ ਹਾਂ ਕਿ ਬੱਚੇ ਕੋਰੀ ਸਲੇਟ ਹੁੰਦੇ ਹਨ। ਬੱਚੇ ਸੁਭਾਵਿਕ ਤੌਰ ‘ਤੇ ਜ਼ਿੱਦੀ ਤੇ ਸ਼ਰਾਰਤੀ ਹੋਣ ਦੇ ਬਾਵਜੂਦ ਅੰਦਰੋਂ ਕੋਮਲਤਾ ਭਰਪੂਰ ਹੁੰਦੇ ਹਨ। ਸਾਡੀਆਂ ਕਹੀਆਂ ਸੁਣੀਆਂ ਗੱਲਾਂ ਬੱਚੇ ਦੇ ਕੋਮਲ ਮਨ ‘ਤੇ ਡੂੰਘਾ ਅਸਰ ਕਰਦੀਆਂ ਹਨ। ਬੱਚੇ ਪ੍ਰਤੀ ਨਕਾਰਾਤਮਕ ਨਜ਼ਰੀਆ ਉਸ ਦੇ ਮਨ ਹੀਣਭਾਵਨਾ ਦਾ ਸ਼ਿਕਾਰ ਬਣਾ ਦਿੰਦਾ ਹੈ, ਜਦੋਂਕਿ ਸਿਰਜਣਾਤਮਕ ਤੇ ਸਕਾਰਾਤਮਕ ਪਹੁੰਚ ਬੱਚੇ ਦੇ ਮਨ ਨੂੰ ਪਾਰਸ ਬਣਾ ਦਿੰਦੀ ਹੈ। ਇਕ ਬੱਚੇ ਦੀ ਸ਼ਖ਼ਸੀਅਤ ਉਸਾਰੀ ਵਿਚ ਤੁਹਾਡੇ ਬੋਲੇ ਸ਼ਬਦ ਬਹੁਤ ਵੱਡਾ ਰੋਲ ਅਦਾ ਕਰਦੇ ਹਨ। ਸੋ ਬੱਚਿਆਂ ਨਾਲ ਵਿਚਰਦੇ ਸਮੇਂ ਸ਼ਬਦਾਂ ਦੀ ਵਰਤੋਂ ਧਿਆਨ ਨਾਲ ਕਰੋ। ਯਾਦ ਰੱਖੋ ਕਿ ਹੱਲਾਸ਼ੇਰੀ ਵੱਡੇ ਕਲਾਕਾਰ ਪੈਦਾ ਕਰਦੀ ਹੈ।
ਮਾਪੇ ਤੇ ਅਧਿਆਪਕ ਹਨ ਰੋਲ ਮਾਡਲ
ਅਧਿਆਪਕ ਤੇ ਮਾਪੇ ਬੱਚਿਆਂ ਲਈ ਰੋਲ ਮਾਡਲ ਹੁੰਦੇ ਹਨ। ਉਨ੍ਹਾਂ ‘ਤੇ ਆਪਣੇ ਇਨ੍ਹਾਂ ਰੋਲ ਮਾਡਲਾਂ ਦੀ ਹਰ ਗੱਲ ਦਾ ਡੂੰਘਾ ਅਸਰ ਪੈਂਦਾ ਹੈ। ਸੋ ਅਧਿਆਪਕ ਤੇ ਮਾਪੇ ਖ਼ਾਸਕਰ ਹੱਲਾਸ਼ੇਰੀ ਭਰੇ ਸ਼ਬਦਾਂ ਦਾ ਇਸਤੇਮਾਲ ਜ਼ਰੂਰ ਕਰਨ। ਜੋ ਕੰਮ ਸਹਿਜੇ ਹੀ ਪਿਆਰ ਨਾਲ ਤੇ ਹੱਲਾਸ਼ੇਰੀ ਨਾਲ ਕਰਵਾਇਆ ਜਾ ਸਕਦਾ ਹ,ੈ ਉਸ ਲਈ ਆਲੋਚਨਾ ਕਰਨੀ ਕੋਈ ਜ਼ਰੂਰੀ ਨਹੀਂ।