ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰ ਵਿੱਚ ਇੱਕ ਵਿਅਕਤੀ ਅਕਾਲ ਤਖ਼ਤ ਅੰਮ੍ਰਿਤਸਰ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪੈਰੀਂ ਹੱਥ ਲਾਉਂਦਾ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿੱਚ ਪੈਰ ਛੂਹਦਾ ਨਜ਼ਰ ਆ ਰਿਹਾ ਇਹ ਵਿਅਕਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੈ। ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਇਸ ਨੂੰ ਸੱਚ ਦੱਸ ਰਹੇ ਹਨ।
ਪੰਜਾਬੀ ਜਾਗਰਣ ਦੀ ਤੱਥਾਂ ਦੀ ਜਾਂਚ ਕਰਨ ਵਾਲੀ ਵੈੱਬਸਾਈਟ ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਕੀਤੀ ਅਤੇ ਇਹ ਫਰਜ਼ੀ ਪਾਇਆ ਗਿਆ। ਤਸਵੀਰ ‘ਚ ਨਜ਼ਰ ਆ ਰਿਹਾ ਵਿਅਕਤੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਸਗੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈ। ਚੰਨੀ ਦੀ ਇੱਕ ਪੁਰਾਣੀ ਤਸਵੀਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਜਾਂਚ ਦੇ ਸ਼ੁਰੂ ਵਿੱਚ, ਅਸੀਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਦੇਖਿਆ। ਇਸ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਦੇ ਪੈਰ ਛੂਹਣ ਵਾਲੇ ਵਿਅਕਤੀ ਨੂੰ ਗਰਮ ਕੱਪੜੇ ਪਹਿਨੇ ਦੇਖਿਆ ਜਾ ਸਕਦਾ ਹੈ। ਇਹ ਦਰਸਾਉਂਦਾ ਹੈ ਕਿ ਤਸਵੀਰ ਤਾਜ਼ਾ ਨਹੀਂ ਹੈ। ਇੱਥੋਂ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ। ਅਸੀਂ ਗੂਗਲ ਰਿਵਰਸ ਇਮੇਜ ਰਾਹੀਂ ਫੋਟੋ ਦੀ ਖੋਜ ਕੀਤੀ। ਖੋਜ ਦੌਰਾਨ, ਸਾਨੂੰ 9 ਦਸੰਬਰ 2021 ਨੂੰ ਲੁਧਿਆਣਾ ਟਾਈਮਜ਼ ਦੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਗਈ ਵਾਇਰਲ ਤਸਵੀਰ ਮਿਲੀ।
ਖੋਜ ਦੌਰਾਨ, ਸਾਨੂੰ ਗੁਰਮੀਤ ਸਿੰਘ ਸਕੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੇ ਫੇਸਬੁੱਕ ਪੇਜ ‘ਤੇ 9 ਦਸੰਬਰ 2021 ਨੂੰ ਅਪਲੋਡ ਕੀਤੀ ਗਈ ਵਾਇਰਲ ਤਸਵੀਰ ਵੀ ਮਿਲੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ 8 ਦਸੰਬਰ 2021 ਨੂੰ ਜਥੇਦਾਰ ਗਿਆਨੀ ਹਰਪ੍ਰੀਤ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।