ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਭਾਵੇ ਹੀ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਚੱਲ ਰਿਹਾ ਹੋਵੇ ਪਰ ਇਸ ਦੇ ਕੇਂਦਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। ਚਾਹੇ ਕਿਸਾਨ ਆਗੂਆਂ ਦੇ ਭਾਸ਼ਣ ਹੋਣ ਤੇ ਚਾਹੇ ਕਿਸਾਨਾਂ ਦੇ ਸਮੂਹ ’ਚ ਹੋਣ ਵਾਲੀ ਚਰਚਾ, ਚਾਹੇ ਅੰਦੋਲਨ ਵਾਲੀ ਥਾਂ ’ਤੇ ਹੋਣ ਵਾਲੀਆਂ ਰੈਲੀਆਂ ਹੋਣ ਤੇ ਚਾਹੇ ਕੋਈ ਪ੍ਰਦਰਸ਼ਨ, ਹਰ ਥਾਂ ਮੋਦੀ ਹੀ ਛਾਏ ਹੋਏ ਹਨ।
ਇਹ ਗੱਲ ਵੱਖ ਹੈ ਕਿ ਪ੍ਰਧਾਨ ਮੰਤਰੀ ਨੂੰ ਲੈ ਕੇ ਨਾਰਾਜ਼ਗੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਗਲਤ-ਸਹੀ ਦਾ ਫਰਕ ਕੋਈ ਨਹੀਂ ਸਮਝਣਾ ਚਾਹੁੰਦਾ, ਬਸ ਤੋਤੇ ਦੀ ਤਰ੍ਹਾਂ ਰਟਿਆ-ਰਟਾਇਆ ਪਹਾੜਾ ਪੜ੍ਹਾ ਰਹੇ ਹਨ। ਸਿੰਘੂ ਬਾਰਡਰ ਫਿਲਹਾਲ ਇਸ ਅੰਦੋਲਨ ਦਾ ਸਭ ਤੋਂ ਵੱਡਾ ਕੇਂਦਰ ਬਣਾਇਆ ਹੋਇਆ ਹੈ। ਇੱਥੇ ਕਿਸਾਨਾਂ ਨੇ ਹਾਈਵੇ ’ਤੇ ਸੋਨੀਪਤ ਵੱਲ ਪੰਜ ਕਿਲੋਮੀਟਰ ਤੋਂ ਵੱਧ ਦੇ ਖੇਤਰ ਨੂੰ ਕਵਰ ਕਰ ਲਿਆ ਹੈ। ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਹਰ ਸਮੇਂ ਮੌਜੂਦ ਰਹਿੰਦੇ ਹਨ। ਦਿਨ ਭਰ ਇੱਥੇ ਮੰਚ ’ਤੇ ਕਿਸਾਨ ਆਗੂਆਂ ਦੇ ਭਾਸ਼ਣ ਚੱਲਦੇ ਰਹਿੰਦੇ ਹਨ।
ਹਰ ਆਗੂ ਆਪਣੇ ਭਾਸ਼ਣ ’ਚ ਖੇਤੀ ਕਾਨੂੰਨਾਂ ਦੀ ਗੱਲ ਤਾਂ ਘੱਟ ਕਰਦਾ ਹੈ, ਮੋਦੀ-ਮੋਦੀ ਜ਼ਿਆਦਾ ਕਰਦਾ ਹੈ। ਹਰ ਆਗੂ ਦੇ ਭਾਸ਼ਣ ’ਚ ਮੋਦੀ ਤੇ ਅੰਬਾਨੀ-ਅਡਾਨੀ ਦੇ ਸਬੰਧਾਂ ਦੀ ਚਰਚਾ ਵੀ ਸ਼ਾਮਲ ਰਹਿੰਦੀ ਹੈ। ਇਸ ਬਾਰਡਰ ’ਤੇ ਕਿਉਂਕਿ ਅੰਦੋਲਨ ਦਾ ਦਾਇਰਾ ਕਾਫੀ ਲੰਬਾ ਹੋ ਗਿਆ ਹੈ ਤਾਂ ਦਿਨ ਭਰ ਛੋਟੇ-ਛੋਟੇ ਸਮੂਹਾਂ ’ਚ ਬਜ਼ੁਰਗ ਕਿਸਾਨ, ਨੌਜਵਾਨ, ਔਰਤਾਂ ਤੇ ਜਥੇਬੰਦੀਆਂ ਦੇ ਲੋਕ ਹੱਥਾਂ ’ਚ ਝੰਡੇ ਲੈ ਕੇ ਨਾਅਰੇ ਲਾਉਂਦੇ ਹੋਏ ਰੈਲੀਆਂ ਕੱਢ ਰਹੇ ਹਨ।
ਅੰਦੋਲਨ ਨੂੰ ਲੰਬਾ ਖਿੱਚਣ ਨੂੰ ਲੈ ਕੇ ਕਿਸਾਨਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਇਸ ਦਾ ਰੋਸ ਵੀ ਉਹ ਪ੍ਰਧਾਨ ਮੰਤਰੀ ਦੇ ਮੱਥੇ ਹੀ ਮੜਦੇ ਹਨ। ਠੰਢ ਨਾਲ ਹਰ ਰੋਜ਼ ਹੋ ਰਹੀ ਕਿਸੇ ਨਾ ਕਿਸੇ ਸਾਥੀ ਕਿਸਾਨ ਦੀ ਮੌਤ ਦਾ ਜ਼ਿੰਮੇਦਾਰ ਵੀ ਉਹ ਨਰਿੰਦਰ ਮੋਦੀ ਨੂੰ ਹੀ ਦੱਸਦੇ ਹਨ। ਇਨ੍ਹਾਂ ਦੀ ਇਕ ਹੀ ਮੰਗ ਹੈ ਕਿ ਮੋਦੀ ਜਲਦ ਤੋਂ ਜਲਦ ਖੇਤੀ ਕਾਨੂੰਨ ਵਾਪਸ ਲਵੇ, ਤਾਂ ਕਿ ਅਸੀਂ ਲੋਕ ਸੜਕ ਤੋਂ ਉੱਠ ਕੇ ਆਪਣੇ ਘਰ ਵਾਪਸ ਜਾ ਸਕੀਏ।