ਖੇਤੀ ਕਾਨੂੰਨਾਂ ਖ਼ਿਲਾਫ਼ ਟਿਕਰੀ ਬਾਰਡਰ ‘ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਐਤਵਾਰ ਨੂੰ 60ਵੇਂ ਦਿਨ ਜਾਰੀ ਹੈ। ਇਕ ਪ੍ਰਦਰਸ਼ਨਕਾਰੀ ਨੇ ਦੱਸਿਆ, ‘ਅੱਜ ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਕਾਫੀ ਟਰੈਕਟਰ ਆ ਰਹੇ ਹਨ। ਅਸੀਂ 26 ਜਨਵਰੀ ਨੂੰ ਸ਼ਾਂਤੀਪੂਰਨ ਟਰੈਕਟਰ ਪਰੇਡ ਕੱਢਾਂਗੇ। ਟਿਕਰੀ ਬਾਰਡਰ ‘ਤੇ ਕਰੀਬ ਦੋ-ਢਾਈ ਲੱਖ ਟਰੈਕਰਟ ਹੋਣਗੇ।’
ਗਣਤੰਤਰ ਦਿਹਾੜੇ ‘ਤੇ ਕਿਸਾਨ ਟਰੈਕਟਰ ਮਾਰਚ ਨੂੰ ਲੈ ਕੇ ਪੂਰੀ ਤਿਆਰੀ ‘ਚ ਜੁਟੇ ਹਨ। ਪੰਜਾਬ ਤੇ ਸੂਬੇ ਦੇ ਵੱਖ ਸਥਾਨਾਂ ਤੋਂ ਟਰੈਕਟਰਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਕਿਸਾਨ ਆਪਣੇ ਟਰੈਕਟਰਾਂ ‘ਤੇ ਕਿਸਾਨ ਯੂਨੀਅਨ ਦਾ ਝੰਡਾ ਲਾਉਣ ਨਾਲ ਤਿਰੰਗੇ ਵੀ ਲਾ ਰਹੇ ਹਨ। ਸ਼ਨਿਚਰਵਾਰ ਨੂੰ ਗੋਹਾਨਾ ਦੇ ਵੱਖ-ਵੱਖ ਪਿੰਡਾਂ ਤੋਂ ਸੈਕੜੇਂ ਕਿਸਾਨ ਟਰੈਕਟਰ-ਟਰਾਲੀਆਂ ‘ਤੇ ਤਿਰੰਗੇ ਲੱਗਾ ਕੇ ਕੁੰਡਲੀ ਬਾਰਡਰ ‘ਤੇ ਪਹੁੰਚੇ। ਲਗਾਤਾਰ ਵੱਡੀ ਗਿਣਤੀ ‘ਚ ਟਰੈਕਟਰਾਂ ਦੇ ਕਾਫਿਲੇ ਦੇ ਪਹੁੰਚਣ ਕਾਰਨ ਸ਼ਨਿਚਰਵਾਰ ਨੂੰ ਜੀਟੀ ਰੋਡ ‘ਤੇ ਬਹਾਲਗੜ੍ਹ ਤੋਂ ਅੱਗੇ ਦਿਨ ਭਰ ਜਾਮ ਦੀ ਸਥਿਤੀ ਬਣੀ ਰਹੀ।
ਦੱਸ ਦੇਈਏ ਕਿ ਦਿੱਲੀ ਪੁਲਿਸ ਤੇ ਕਿਸਾਨਾਂ ਵਿਚਾਲੇ ਜਾਰੀ ਅੜਿੱਕਾ ਸ਼ਨਿਚਰਵਾਰ ਨੂੰ ਖ਼ਤਮ ਹੋ ਗਿਆ ਹੈ। ਹੁਣ ਕਿਸਾਨ 26 ਜਨਵਰੀ ਨੂੰ ਦਿੱਲੀ ‘ਚ ਪਰੇਡ ਕੱਢ ਸਕਣਗੇ। ਟਰੈਕਟਰ ਪਰੇਡ ਲਈ ਪੰਜ ਰੂਟ ਤਿਆਰ ਕੀਤੇ ਗਏ ਹਨ। ਇਹ ਪਰੇਡ ਕਰੀਬ 100 ਕਿਲੋਮੀਟਰ ਦੇ ਦਾਇਰੇ ‘ਚ ਕੱਢੀ ਜਾਵੇਗੀ। ਹਾਲਾਂਕਿ ਇਸ ਦੌਰਾਨ ਵੱਖ-ਵੱਖ ਬਾਰਡਰਾਂ ‘ਤੇ ਬੈਠੇ ਕਿਸਾਨ ਇਕ-ਦੂਜੇ ਨੂੰ ਨਹੀਂ ਮਿਲਣਗੇ।