ਦੇਸ਼ ‘ਚ ਖੇਤੀ ਕਾਨੂੰਨਾਂ ‘ਤੇ ਚੱਲ ਰਹੇ ਵਿਰੋਧ ਨੇ ਹੁਣ ਵੱਖਵਾਦੀ ਤਾਕਤਾਂ ਨੂੰ ਭਾਰਤ ਖ਼ਿਲਾਫ਼ ਸਾਜਿਸ਼ ਰਚਣ ਦਾ ਮੌਕਾ ਦੇ ਦਿੱਤਾ ਹੈ। ਗਣਤੰਤਰ ਦਿਵਸ ਦੇ ਮੌਕੇ ‘ਤੇ ਕਿਸਾਨਾਂ ਦੇ ਸਮਰਥਨ ਦੇ ਨਾਂ ‘ਤੇ ਅਮਰੀਕਾ ‘ਚ ਭਾਰਤੀ ਦੂਤਘਰ ਦੇ ਬਾਹਰ ਖਾਲਿਸਤਾਨ ਸਮਰਥਕਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਏਐੱਨਆਈ ਨੂੰ ਦੱਸਿਆ ਕਿ ਉਨ੍ਹਾਂ ਦੀ 15 ਅਗਸਤ ਨੂੰ ਦੂਤਾਵਾਸ ਦੇ ਬਾਹਰ ਵੱਡੇ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਹੈ।
ਖਾਲਿਸਤਾਨੀ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਦੂਤਘਰ ਦੇ ਸਾਹਮਣੇ ਖਾਲਿਸਤਾਨੀ ਝੰਡੇ ਲਹਿਰਾਏ ਤੇ ਨਵੇਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਦੌਰਾਨ ਉੱਥੇ ਮੌਜੂਦ ਭੀੜ ਭਾਰਤ ਵਿਰੋਧੀ ਨਾਅਰੇ ਵੀ ਲਾਏ। ਇਕ ਮਹੀਨੇ ਪਹਿਲਾਂ ਵਾਸ਼ਿੰਗਟਨ ਡੀਸੀ ‘ਚ ਭਾਰਤੀ ਦੂਤਘਰ ਕੋਲ ਖਾਲਿਸਤਾਨੀ ਸਮਰਥਕਾਂ ਨੇ ਮਹਾਤਮਾ ਗਾਂਧੀ ਦੀ ਪ੍ਰਤੀਮਾ ਨੂੰ ਖਾਲਿਸਤਾਨ ਦੇ ਝੰਡੇ ਨਾਲ ਢੱਕ ਦਿੱਤਾ ਸੀ। ਇਸ ਲਈ ਇਸ ਵਾਰ ਗਾਂਧੀ ਪ੍ਰਤੀਮਾ ਦੇ ਚਾਰੋਂ ਪਾਸੇ ਸੁਰੱਖਿਆ ਵਧਾ ਦਿੱਤੀ ਗਈ ਸੀ।
ਦੱਸ ਦੇਈਏ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਵੱਲੋਂ ਖੇਤੀ ‘ਚ ਵੱਡੇ ਸੁਧਾਰਾਂ ਦੇ ਰੂਪ ‘ਚ ਪੇਸ਼ ਕੀਤਾ ਗਿਆ ਹੈ ਜੋ ਵਿਚੋਲੇ ਨੂੰ ਦੂਰ ਕਰਨਗੇ ਤੇ ਕਿਸਾਨਾਂ ਨੂੰ ਦੇਸ਼ ‘ਚ ਕਿਤੇ ਵੀ ਆਪਣੀ ਫਸਲ ਵੇਚਣ ਦੀ ਮਨਜ਼ੂਰੀ ਦਿੰਦਾ ਹੈ। ਮੁੱਖ ਤੌਰ ‘ਤੇ ਪੰਜਾਬ ਤੇ ਹਰਿਆਣਾ ਦੇ ਹਜ਼ਾਰਾਂ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਸਾਲ 28 ਨਵੰਬਰ ਤੋਂ ਦਿੱਲੀ ਦੇ ਕਈ ਸਰਹੱਦ ਬਿੰਦੂਆਂ ‘ਤੇ ਡੇਰਾ ਲਾਏ ਹੋਏ ਹਨ।