ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਦੀਮਾਪੁਰ(ਨਾਗਾਲੈਂਡ) ਤੋਂ 10 ਕਿੱਲੋ ਅਫ਼ੀਮ ਸਮੇਤ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਫਤਹਿਗੜ੍ਹ ਸਾਹਿਬ ਦੀ ਐੱਸਐੱਸਪੀ ਡਾ ਰਵਜੋਤ ਗਰੇਵਾਲ ਨੇ ਦੱਸਿਆ ਕਿ ਐੱਸਐੱਚਓ ਥਾਣਾ ਬਡਾਲੀ ਆਲਾ ਸਿੰਘ ਸਬ-ਇੰਸਪੈਕਟਰ ਨਰਪਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਡੀਐਸਪੀ ਬਸੀ ਪਠਾਣਾਂ ਅਮਰਪ੍ਰੀਤ ਸਿੰਘ ਦੀ ਹਾਜ਼ਰੀ ’ਚ ਸੰਜੇ ਕੁਮਾਰ ਵਾਸੀ ਸਿਵਹਰ (ਬਿਹਾਰ) ਨੂੰ 7 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਨਸ਼ੇ ਦੀ ਇਹ ਖੇਪ ਉਹ ਆਪਣੇ ਸਾਥੀ ਰਾਮ ਰਾਜ ਠਾਕਰ ਤੋਂ ਮਨੀਪੁਰ ਦੇ ਇਲਾਕੇ ’ਚੋਂ ਲੈ ਕੇ ਆਇਆ ਹੈ ਜਿੱਥੇ ਅਫ਼ੀਮ ਦੀ ਖੇਤੀ ਹੁੰਦੀ ਹੈ ਤੇ ਉਹ ਉੱਤਰ-ਪੂਰਬੀ ਰਾਜਾਂ ਤੋਂ ਅਫ਼ੀਮ ਖਰੀਦ ਕੇ ਪੰਜਾਬ-ਹਰਿਆਣਾ ਆਦਿ ਰਾਜਾਂ ’ਚ ਸਪਲਾਈ ਕਰਨ ਦਾ ਧੰਦਾ ਕਰਦੇ ਹਨ।
ਪੁਲਿਸ ਵਲੋਂ ਰਾਮ ਰਾਜ ਠਾਕਰ ਨੂੰ ਉਕਤ ਮਾਮਲੇ ’ਚ ਐੱਨਡੀਪੀਐੱਸ ’ਚ ਐਕਟ ਤਹਿਤ ਕੇਸ ਦਰਜ ਕਰਦੇ ਹੋਏ ਐੱਸਐੱਚਓ ਨਰਪਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਅਗਲੀ ਤਫਤੀਸ਼ ਲਈ ਦੀਮਾਪੁਰ (ਨਾਗਾਲੈਂਡ) ਭੇਜਿਆ ਗਿਆ ਜਿੱਥੇ ਪਹੁੰਚ ਕੇ ਟੀਮ ਵੱਲੋਂ ਰਾਮ ਰਾਜ ਠਾਕੁਰ ਨੂੰ ਕਾਬੂ ਕਰਕੇ ਉਸਦੀ ਨਿਸ਼ਾਨਦੇਹੀ ’ਤੇ ਬਰਮਾ ਕੈਂਪ ਦੀਮਾਪੁਰ (ਨਾਗਾਲੈਂਡ) ਤੋਂ 10 ਕਿੱਲੋ ਅਫ਼ੀਮ ਹੋਰ ਬਰਾਮਦ ਕੀਤੀ ਗਈ ਜਿਸਦਾ ਦੀਮਾਪੁਰ ਦੀ ਅਦਾਲਤ ਤੋਂ ਟਰਾਂਸਿਟ ਰਿਮਾਂਡ ਹਾਸਲ ਕਰਕੇ ਉਸਨੂੰ ਹੁਣ ਇੱਥੇ ਲਿਆਂਦਾ ਗਿਆ ਹੈ। ਉਨਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।