ਦੋ ਧਮਾਕੇਦਾਰ ਜਿੱਤਾਂ ਤੋਂ ਬਾਅਦ ਲੈਅ ਹਾਸਲ ਕਰ ਚੁੱਕੀ ਪਿਛਲੀ ਵਾਰ ਦੀ ਚੈਂਪੀਅਨ ਭਾਰਤੀ ਟੀਮ ਐੱਫਆਈਐੱਚ ਮਰਦ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਬੁੱਧਵਾਰ ਨੂੰ ਯੂਰਪੀ ਦਿੱਗਜ ਬੈਲਜੀਅਮ ਖ਼ਿਲਾਫ਼ ਉਤਰੇਗੀ ਤਾਂ ਉਸ ਦੀਆਂ ਉਮੀਦਾਂ ਸ਼ਾਨਦਾਰ ਲੈਅ ‘ਚ ਚੱਲ ਰਹੇ ਆਪਣੇ ਡਰੈਗ ਫਲਿੱਕਰਾਂ ‘ਤੇ ਟਿਕੀਆਂ ਹੋਣਗੀਆਂ। ਖ਼ਿਤਾਬ ਦੀ ਮੁੱਖ ਦਾਅਵੇਦਾਰ ਭਾਰਤੀ ਟੀਮ ਨੂੰ ਪਹਿਲੇ ਮੈਚ ਵਿਚ ਫਰਾਂਸ ਨੇ 5-4 ਨਾਲ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ ਸੀ। ਇਸ ਤੋਂ ਬਾਅਦ ਹਾਲਾਂਕਿ ਭਾਰਤ ਨੇ ਵਾਪਸੀ ਕਰਦੇ ਹੋਏ ਕੈਨੇਡਾ ਨੂੰ 13-1 ਤੇ ਪੋਲੈਂਡ ਨੂੰ 8-2 ਨਾਲ ਹਰਾ ਕੇ ਪੂਲ-ਬੀ ਵਿਚ ਦੂਜਾ ਸਥਾਨ ਹਾਸਲ ਕੀਤਾ। ਤੀਜੀ ਵਾਰ ਖ਼ਿਤਾਬ ਜਿੱਤਣ ਲਈ ਭਾਰਤ ਨੂੰ ਹੁਣ ਹਰ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਪਵੇਗਾ। ਇਹ ਮੁਕਾਬਲਾ ਬਰਾਬਰੀ ਦਾ ਹੋ ਸਕਦਾ ਹੈ ਤੇ ਮੌਕਿਆਂ ਦਾ ਫ਼ਾਇਦਾ ਉਠਾਉਣ ਵਿਚ ਕਾਮਯਾਬ ਰਹਿਣ ਵਾਲੀ ਟੀਮ ਹੀ ਜਿੱਤੇਗੀ। ਭਾਰਤ ਕੋਲ ਉੱਤਮ ਸਿੰਘ, ਆਰਾਈਜੀਤ ਸਿੰਘ ਹੁੰਦਲ, ਸੁਦੀਪ ਚਿਰਮਾਕੋ ਤੇ ਮਨਿੰਦਰ ਸਿੰਘ ਵਰਗੇ ਸਟ੍ਰਾਈਕਰ ਹਨ। ਉੱਤਮ ਤੇ ਮਨਿੰਦਰ ਨੇ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਪੈਨਲਟੀ ਕਾਰਨਰ ਵਿਚ ਬਹੁਤ ਬਦਲ ਹੋਣ ਦਾ ਵੀ ਭਾਰਤ ਨੂੰ ਫ਼ਾਇਦਾ ਮਿਲੇਗਾ। ਉੱਪ ਕਪਤਾਨ ਸੰਜੇ ਕੁਮਾਰ, ਹੁੰਦਲ, ਸ਼ਾਰਦਾਨੰਦ ਤਿਵਾੜੀ ਤੇ ਅਭਿਸ਼ੇਕ ਲਾਕੜਾ ਨੇ ਗੋਲ ਕੀਤੇ ਹਨ। ਸੰਜੇ ਖ਼ਾਸ ਤੌਰ ‘ਤੇ ਸ਼ਾਨਦਾਰ ਲੈਅ ਵਿਚ ਹਨ ਜਿਨ੍ਹਾਂ ਨੇ ਫਰਾਂਸ ਤੇ ਕੈਨੇਡਾ ਖ਼ਿਲਾਫ਼ ਹੈਟਿ੍ਕ ਲਾਈ। ਹੁੰਦਲ ਨੇ ਵੀ ਪੋਲੈਂਡ ਖ਼ਿਲਾਫ਼ ਤਿੰਨ ਗੋਲ ਕੀਤੇ। ਮਿਡਫੀਲਡ ਵਿਚ ਕਪਤਾਨ ਵਿਵੇਕ ਸਾਗਰ ਪ੍ਰਸਾਦ ਹਨ ਜੋ ਟੋਕੀਓ ਓਲੰਪਿਕ ਵਿਚ ਇਤਿਹਾਸਕ ਕਾਂਸੇ ਦਾ ਮੈਡਲ ਜਿੱਤਣ ਵਾਲੀ ਭਾਰਤੀ ਸੀਨੀਅਰ ਟੀਮ ਦਾ ਹਿੱਸਾ ਸਨ।
ਭਾਰਤੀ ਡਿਫੈਂਸ ਨੂੰ ਇਸ ਮੈਚ ਵਿਚ ਬਹੁਤ ਮਿਹਨਤ ਕਰਨੀ ਪਵੇਗੀ ਕਿਉਂਕਿ ਬੈਲਜੀਅਮ ਦਾ ਹਮਲਾ ਕਾਫੀ ਮਜ਼ਬੂਤ ਹੈ। ਬੈਲਜੀਅਮ ਨੇ ਜੂਨੀਅਰ ਵਿਸ਼ਵ ਕੱਪ ਕਦੀ ਨਹੀਂ ਜਿੱਤਿਆ ਹੈ ਤੇ ਸੀਨੀਅਰ ਟੀਮ ਦੀ ਕਾਮਯਾਬੀ ਨੂੰ ਦੁਹਰਾਉਣ ਦਾ ਉਸ ‘ਤੇ ਦਬਾਅ ਹੈ। ਬੈਲਜੀਅਮ ਦੀ ਸੀਨੀਅਰ ਟੀਮ ਓਲੰਪਿਕ ਤੇ ਵਿਸ਼ਵ ਚੈਂਪੀਅਨ ਹੈ। ਦਿਨ ਦੇ ਹੋਰ ਕੁਆਰਟਰ ਫਾਈਨਲ ਵਿਚ ਜਰਮਨੀ ਦਾ ਸਾਹਮਣਾ ਸਪੇਨ ਨਾਲ, ਨੀਦਰਲੈਂਡ ਦਾ ਅਰਜਨਟੀਨਾ ਨਾਲ, ਫਰਾਂਸ ਦਾ ਮਲੇਸ਼ੀਆ ਨਾਲ ਮੁਕਾਬਲਾ ਹੋਵੇਗਾ।