ਕੀ ਭਾਰਤ ਨੂੰ ਜਲਦ ਹੀ ਪਹਿਲੀ ਸੀਜੀਆਈ ਭਾਵ ਚੀਫ਼ ਜਸਟਿਸ ਆਫ ਇੰਡੀਆ ਮਿਲਣ ਵਾਲੀ ਹੈ? ਇਸ ਦੀ ਉਮੀਦ ਇਸ ਲਈ ਲੱਗੀ ਕਿਉਂਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਕਾਲੇਜੀਅਮ ਵੱਲੋਂ ਭੇਜੀ ਗਈ ਨੌ ਨਾਵਾਂ ਦੀ ਲਿਸਟ ਨੂੰ ਮਨਜ਼ੂੁਰੀ ਦੇ ਦਿੱਤੀ ਹੈ। ਸਵੀਕਾਰਤ ਨਾਵਾਂ ਵਿਚ ਤਿੰਨ ਮਹਿਲਾ ਜੱਜ ਹਨ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਵਿਚ ਸ਼ਾਮਲ ਜਸਟਿਸ ਨਾਗਰਥਨਾ 2027 ਵਿਚ ਦੇਸ਼ ਦੀ ਪਹਿਲਾ ਮਹਿਲਾ ਸੀਜੀਆਈ ਬਣ ਸਕਦੀ ਹੈ। 30 ਅਕਤੂਬਰ 1962 ਨੂੰ ਕਰਨਾਟਕਾ ਵਿਚ ਜਨਮੀ ਜਸਟਿਸ ਨਾਗਰਥਨਾ ਸਾਬਕਾ ਸੀਜੀਆਈ ਈ. ਐਸ ਵੈਂਕਟਰਮੈਈਆ ਦੀ ਬੇਟੀ ਹੈ। ਉਨ੍ਹਾਂ ਨੇ ਆਪਣਾ ਕਰੀਅਰ ਬੈਂਗਲੂਰੂ ਤੋਂ ਸ਼ੁਰੂ ਕੀਤਾ। ਲਿਸਟ ਵਿਚ ਸ਼ਾਮਲ ਦੋ ਹੋਰ ਔਰਤ ਜੱਜਾਂ ਦੇ ਨਾਂ ਹਨ, ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਬੇਲਾ ਤ੍ਰਿਵੇਦੀ। ਦੱਸ ਦੇਈਏ ਕਿ ਸੁਪਰੀਮ ਕੋਰਟ ਵਿਚ ਅਜੇ ਜੱਜਾਂ ਦੀ ਗਿਣਤੀ 24 ਹੈ। 9 ਜੱਜਾਂ ਦੇ ਜੁਡ਼ਨ ਨਾਲ ਸੁਪਰੀਮ ਕੋਰਟ ਵਿਚ ਇਕ ਜੱਜ ਦੀ ਆਸਾਮੀ ਖਾਲੀ ਰਹੇਗੀ।
ਜਸਟਿਸ ਕੋਹਲੀ 62 ਸਾਲਾਂ ਦੀ ਉਮਰ ਹੋਣ ‘ਤੇ ਇਕ ਸਤੰਬਰ ਨੂੰ ਰਿਟਾਇਰ ਹੋਣ ਵਾਲੇ ਸਨ, ਕਿਉਂਕਿ ਹਾਈ ਕੋਰਟ ਦੇ ਜੱਜ 62 ਸਾਲ ਦੀ ਉਮਰ ‘ਚ ਰਿਟਾਇਰ ਹੁੰਦੇ ਹਨ। ਪਰ ਸੁਪਰੀਮ ਕੋਰਟ ਦੇ ਜੱਜਾਂ ਦੀ ਰਿਟਾਇਰਮੈਂਟ ਉਮਰ 65 ਸਾਲ ਹੈ।ਕਾਲੇਜੀਅਮ ਨੇ ਭੇਜੇ ਸਨ ਇਹ 9 ਨਾਮ : ਕਰਨਾਟਕ ਹਾਈ ਕੋਰਟ ਦੇ ਚੀਫ ਜਸਟਿਸ ਏਐਸ ਓਕਾ ਅਤੇ ਜਸਟਿਸ ਬੀ ਵੀ ਨਾਗਰਥਨਾ (B.V. Nagarathna), ਤੇਲੰਗਾਨਾ ਹਾਈ ਕੋਰਟ ਦੇ ਚੀਫ ਜਸਟਿਸ ਹਿਮਾ ਕੋਹਲੀ, ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ ਵਿਕਰਮ ਨਾਥ, ਸਿੱਕਮ ਦੇ ਚੀਫ ਜਸਟਿਸ ਜੇਕੇ ਮਹੇਸ਼ਵਰੀ, ਕੇਰਲ ਹਾਈ ਕੋਰਟ ਦੇ ਜਸਟਿਸ ਸੀਟੀ ਰਵੀਕੁਮਾਰ, ਮਦਰਾਸ ਹਾਈ ਕੋਰਟ ਦੇ ਜਸਟਿਸ ਐਮ ਐਮ ਸੁੰਦਰੇਸ਼, ਗੁਜਰਾਤ ਹਾਈ ਕੋਰਟ ਦੇ ਜਸਟਿਸ ਬੇਲਾ ਐਮ ਤ੍ਰਿਵੇਦੀ ਅਤੇ ਸੀਨੀਅਰ ਵਕੀਲ ਪੀਐਸ ਨਰਸਿਮਹਾ ਸ਼ਾਮਲ ਸਨ।
ਕੌਣ ਹੈ ਜਸਟਿਸ ਨਾਗਰਥਨਾ (B.V. Nagarathna)
ਜਸਟਿਸ ਨਾਗਰਥਨਾ ਨੇ 28 ਅਕਤੂਬਰ 1987 ਨੂੰ ਬੈਂਗਲੁਰੂ ਵਿੱਚ ਕਰਨਾਟਕ ਬਾਰ ਕੌਂਸਲ ਵਿੱਚ ਦਾਖਲਾ ਲਿਆ ਸੀ।
ਉਨ੍ਹਾਂ ਨੂੰ 18 ਫਰਵਰੀ 2008 ਨੂੰ ਕਰਨਾਟਕ ਹਾਈ ਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ ਸੀ ਅਤੇ ਦੋ ਸਾਲ ਬਾਅਦ ਸਥਾਈ ਜੱਜ ਬਣਾਇਆ ਗਿਆ ਸੀ।
ਜੱਜ ਵਜੋਂ ਆਪਣੇ 13 ਸਾਲਾਂ ਦੇ ਕਾਰਜਕਾਲ ਵਿੱਚ, ਜਸਟਿਸ ਨਾਗਰਥਨਾ ਨੇ ਮੀਡੀਆ ਅਤੇ ਵਕੀਲਾਂ ਨੂੰ ਲਾਈਨ ਪਾਰ ਕਰਨ ਲਈ ਝਿੜਕਣ ਵਿੱਚ ਕੋਈ ਕਸਰ ਨਹੀਂ ਛੱਡੀ।
ਤੁਹਾਨੂੰ ਦੱਸ ਦੇਈਏ ਕਿ 26 ਜਨਵਰੀ 1950 ਨੂੰ ਸਥਾਪਨਾ ਤੋਂ ਲੈ ਕੇ ਹੁਣ ਤੱਕ ਬਹੁਤ ਘੱਟ ਮਹਿਲਾ ਜੱਜਾਂ ਨੂੰ ਸੁਪਰੀਮ ਕੋਰਟ ਵਿੱਚ ਨਿਯੁਕਤ ਕੀਤਾ ਗਿਆ ਹੈ। ਪਿਛਲੇ 71 ਸਾਲਾਂ ਵਿੱਚ ਸਿਰਫ ਅੱਠ ਮਹਿਲਾ ਜੱਜਾਂ ਦੀ ਨਿਯੁਕਤੀ ਹੋਈ ਹੈ। ਐਮ ਫਾਤਿਮਾ ਬੀ ਵੀ 1989 ਵਿੱਚ ਪਹਿਲੀ ਸੀ।
ਸੂਤਰਾਂ ਨੇ ਕਿਹਾ ਕਿ ਨਵੇਂ ਜੱਜਾਂ ਦੀ ਨਿਯੁਕਤੀ ਦੇ ਸਬੰਧ ‘ਚ ਕਾਨੂੰਨ ਮੰਤਰਾਲੇ ਛੇਤੀ ਹੀ ਰਸਮੀ ਨੋਟੀਫਿਕੇਸ਼ਨ ਜਾਰੀ ਕਰੇਗੀ। ਸੁਪਰੀਮ ਕੋਰਟ ਕਾਲੇਜੀਅਮ ਨੇ ਇਕ ਮਹੱਤਵਪੂਰਨ ਫ਼ੈਸਲੇ ਤਹਿਤ ਤਿੰਨ ਮਹਿਲਾ ਜੱਜਾਂ ਨੂੰ ਸੁਪਰੀਮ ਕੋਰਟ ‘ਚ ਨਿਯੁਕਤ ਕਰਨ ਦੀ ਪਿਛਲੇ ਹਫ਼ਤੇ ਸਿਫਾਰਸ਼ ਕੀਤੀ ਸੀ। ਕਰਨਾਟਕ ਹਾਈ ਕੋਰਟ ਦੀ ਤੀਜੀ ਸਭ ਤੋਂ ਸੀਨੀਅਰ ਜੱਜ ਨਾਗਰਤਨਾ ਤੋਂ ਇਲਾਵਾ ਗੁਜਰਾਤ ਹਾਈ ਕੋਰਟ ਦੀ ਪੰਜਵੀਂ ਸਭ ਤੋਂ ਸੀਨੀਅਰ ਜੱਜ ਬੇਲਾ ਐੱਮ ਤਿ੍ਵੇਦੀ ਤੇ ਤੇਲੰਗਾਨਾ ਹਾਈ ਕੋਰਟ ਦੀ ਚੀਫ ਜਸਟਿਸ ਹਿਮਾ ਕੋਹਲੀ ਨੂੰ ਵੀ ਸੁਪਰੀਮ ਕੋਰਟ ‘ਚ ਨਿਯੁਕਤ ਕੀਤਾ ਗਿਆ ਹੈ।
– ਜਸਟਿਸ ਹਿਮਾ ਕੋਹਲੀ ਦਾ ਜਨਮ ਦੋ ਸਤੰਬਰ 1959 ਨੂੰ ਦਿੱਲੀ ‘ਚ ਹੋਇਆ। ਉਨ੍ਹਾਂ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਲਾਅ ਸੈਂਟਰ ਤੋਂ ਐੱਲਐੱਲਬੀ ਦੀ ਡਿਗਰੀ ਲਈ। ਸੱਤ ਜਨਵਰੀ, 2021 ਨੂੰ ਉਹ ਤੇਲੰਗਾਨਾ ਹਾਈ ਕੋਰਟ ਦੇ ਚੀਫ ਜਸਟਿਸ ਬਣੇ।
– ਜਸਟਿਸ ਬੇਲਾ ਐੱਮ ਤਿ੍ਵੇਦੀ ਦਾ ਜਨਮ 10 ਜੂਨ, 1960 ਨੂੰ ਹੋਇਆ। ਉਹ ਨੌ ਫਰਵਰੀ, 2016 ਤੋਂ ਗੁਜਰਾਤ ਹਾਈ ਕੋਰਟ ਦੇ ਜੱਜ ਹਨ ਤੇ ਨਿਆਇਕ ਸੇਵਾ ਸ਼੍ਰੇਣੀ ਨਾਲ ਸਬੰਧਤ ਹਨ।
ਸੁਪਰੀਮ ਕੋਰਟ ‘ਚ ਹੁਣ ਤਕ ਰਹਿ ਚੁੱਕੇ ਹਨ ਅੱਠ ਮਹਿਲਾ ਜੱਜ
ਛੇ ਅਕਤੂਬਰ 1989 ਨੂੰ ਸੁਪਰੀਮ ਕੋਰਟ ਦੇ ਜੱਜ ਬਣੇ ਫਾਤਿਮਾ ਬੀਵੀ ਤੋਂ ਇਲਾਵਾ ਹੁਣ ਤਕ ਸੁਪਰੀਮ ਕੋਰਟ ‘ਚ ਸੱਤ ਹੋਰ ਮਹਿਲਾ ਜੱਜਾਂ ਦੀ ਨਿਯੁਕਤੀ ਕੀਤੀ ਜਾ ਚੁੱਕੀ ਹੈ। ਇਨ੍ਹਾਂ ਮਹਿਲਾ ਜੱਜਾਂ ‘ਚ ਜਸਟਿਸ ਸੁਜਾਤਾ ਵਸੰਤ ਮਨੋਹਰ, ਰੂਮ ਪਾਲ, ਗਿਆਨ ਸੁਧਾ ਮਿਸ਼ਰਾ, ਰੰਜਨਾ ਦੇਸਾਈ, ਆਰ ਭਾਨੂਮਤੀ, ਇੰਦੂ ਮਲਹੋਤਰਾ ਤੇ ਇੰਦਰਾ ਬੈਨਰਜੀ ਸ਼ਾਮਲ ਹਨ।