ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਰੋਜ਼ਾਨਾ ਵਰਕਆਊਟ ਕਰਨਾ ਕਿੰਨਾ ਜ਼ਰੂਰੀ ਹੈ ਪਰ ਇਕ ਸਰਦੀਆਂ ਤੇ ਫਿਰ ਦਫ਼ਤਰ ਜਾਣ ਦੀ ਪਰੇਸ਼ਾਨੀ ਕਾਰਨ ਚਾਹ ਕੇ ਵੀ ਵਰਕ ਆਊਟ ਰੁਟੀਨ ਦੀ ਪਾਲਣਾ ਨਹੀਂ ਹੁੰਦੀ। ਹਰ ਰੋਜ਼ ਅਸੀਂ ਆਪਣੇ ਆਪ ਨਾਲ ਵਾਅਦਾ ਕਰਦੇ ਹਾਂ ਕਿ ਛੁੱਟੀ ਵਾਲੇ ਦਿਨ ਅਸੀਂ ਪੂਰਾ ਹਫ਼ਤਾ ਸਖ਼ਤ ਮਿਹਨਤ ਕਰਾਂਗੇ ਪਰ ਇਕ ਦਿਨ ਵਿਚ ਇਕ ਹਫ਼ਤੇ ਦਾ ਭਾਰ ਸਰੀਰ ‘ਤੇ ਪਾਉਣਾ ਬਿਲਕੁਲ ਵੀ ਠੀਕ ਨਹੀਂ ਹੈ। ਫਿਰ ਵੀ ਕੁਝ ਨਾ ਕਰਨ ਨਾਲੋਂ ਬਿਹਤਰ ਹੋਵੇਗਾ ਕਿ ਥੋੜ੍ਹਾ ਸਮਾਂ ਹੀ ਆਪਣੇ ਲਈ ਕੱਢੋ। ਆਓ ਜਾਣਦੇ ਹਾਂ ਕਿ ਤੁਸੀਂ ਫਿੱਟ ਰਹਿਣ ਦਾ ਟੀਚਾ ਕਿਵੇਂ ਪੂਰਾ ਕਰ ਸਕਦੇ ਹੋ।
ਸ਼ਡਿਊਲ ਬਣਾਓ
ਜੇ ਕੰਮਕਾਜੀ ਦਿਨ ‘ਚ ਵਰਕਆਊਟ ਲਈ ਸਮਾਂ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਛੁੱਟੀ ਵਾਲੇ ਦਿਨ ਨੂੰ ਵਰਕਆਊਟ ਲਈ ਫਿਕਸ ਕਰੋ। ਜੇ ਤੁਸੀਂ ਦਫਤਰ ਜਾਣ ਵਾਲੇ ਦਿਨ ਵੀ ਕੁਝ ਸਮਾਂ ਕੱਢ ਸਕਦੇ ਹੋ ਤਾਂ ਇਸ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ। . ਉੱਠਣ ਅਤੇ ਤਾਜ਼ਾ ਹੋਣ ਤੋਂ ਬਾਅਦ ਘੱਟੋ ਘੱਟ 30 ਮਿੰਟਾਂ ਲਈ ਕੁਝ ਕਸਰਤ ਜ਼ਰੂਰ ਕਰੋ। ਜੰਪਿੰਗ, ਰੱਸੀ ਟੱਪਣਾ, ਕਾਰਡੀਓ, ਸਾਈਕਲਿੰਗ, ਯੋਗਾ ਸਭ ਤੋਂ ਵਧੀਆ ਵਿਕਲਪ ਹਨ। ਹਫ਼ਤੇ ਦੇ ਸੱਤੇ ਦਿਨ ਵਰਕਆਊਟ ਨਾ ਕਰੋ ਸਗੋਂ ਸਰੀਰ ਨੂੰ ਇਕ-ਦੋ ਦਿਨ ਆਰਾਮ ਦਿਉ।
ਫਿਟਨੈੱਸ ਗੋਲ ਬਣਾਓ
ਆਪਣਾ ਟਾਰਗੇਟ ਸੈੱਟ ਕਰੋ, ਯਾਨੀ ਤੁਸੀਂ ਢਿੱਡ ਜਾਂ ਕਮਰ ਦੀ ਚਰਬੀ ਨੂੰ ਘਟਾਉਣਾ ਚਾਹੁੰਦੇ ਹੋ, ਤਾਕਤ ਵਧਾਉਣਾ ਚਾਹੁੰਦੇ ਹੋ ਜਾਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹੋ…ਅਜਿਹੇ ਟੀਚੇ ਤੈਅ ਕਰ ਕੇ ਅੱਗੇ ਵਧੋ। ਦਿਸ਼ਾ ਮਿਲਣ ਤੋਂ ਬਾਅਦ ਮੰਜ਼ਿਲ ‘ਤੇ ਪਹੁੰਚਣਾ ਆਸਾਨ ਹੋ ਜਾਂਦਾ ਹੈ। ਭਾਵ ਉਸ ਅਨੁਸਾਰ ਤੁਸੀਂ ਇਹ ਫੈਸਲਾ ਕਰਨ ਦੇ ਯੋਗ ਹੋਵੋਗੇ ਕਿ ਕਿਸ ਕਿਸਮ ਦੀ ਕਸਰਤ ਸ਼ਾਮਿਲ ਕਰਨੀ ਹੈ ਅਤੇ ਕਿਹੜੀ ਕਸਰਤ ਨਹੀਂ ਕਰਨੀ ਹੈ। ਜੇ ਤੁਸੀਂ ਵੇਟ ਲਿਫਟਿੰਗ ਜਾਂ ਬਾਡੀ ਬਿਲਡਿੰਗ ਕਰ ਰਹੇ ਹੋ ਤਾਂ ਪੰਜ ਦਿਨ ਕਾਫ਼ੀ ਹਨ। ਜੇ ਤੁਸੀਂ ਬਾਡੀ ਲਿਫਟਿੰਗ ਵਿਚ ਮਾਸਪੇਸ਼ੀਆਂ ਬਣਾਉਣ ‘ਤੇ ਧਿਆਨ ਦੇ ਰਹੇ ਹੋ, ਤਾਂ ਆਰਾਮ ਕਰਨਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ, ਨਹੀਂ ਤਾਂ ਇਸ ਦਾ ਮਾਸਪੇਸ਼ੀਆਂ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।
ਪਲਾਨ ਬਣਾ ਕੇ ਕਰੋ ਵਰਕਆਊਟ
ਭਾਵ ਇਸ ‘ਚ ਟੀਚੇ ਦੇ ਹਿਸਾਬ ਨਾਲ ਕਸਰਤ ਦੀ ਚੋਣ ਕਰਨੀ ਪੈਂਦੀ ਹੈ। ਜੇ ਤੁਸੀਂ ਭਾਰ ਘਟਾਉਣ ਦੀ ਪ੍ਰਕਿਰਿਆ ਵਿਚ ਹੋ, ਤਾਂ ਕਾਰਡੀਓ ਬਹੁਤ ਪ੍ਰਭਾਵਸ਼ਾਲੀ ਕਸਰਤ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਜੇ ਤੁਸੀਂ ਦਿਨ ਦਾ ਜ਼ਿਆਦਾਤਰ ਸਮਾਂ ਇਸ ਨੂੰ ਕਰਨ ਵਿਚ ਬਿਤਾਉਂਦੇ ਹੋ ਤਾਂ ਇੱਕ ਹਫ਼ਤੇ ਵਿਚ ਤੁਹਾਡਾ ਭਾਰ ਘਟ ਜਾਵੇਗਾ। ਕਾਰਡੀਓ ਦੇ ਨਾਲ ਯੋਗਾ ਦੇ ਸੁਮੇਲ ਨਾਲ ਨਾ ਸਿਰਫ ਚਰਬੀ ਘੱਟ ਹੋਵੇਗੀ ਸਗੋਂ ਸਰੀਰ ਦੀ ਲਚਕਤਾ ਵੀ ਵਧੇਗੀ। ਧਿਆਨ ਵਿਚ ਰੱਖਣ ਵਾਲੀ ਇਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਅਭਿਆਸਾਂ ਦੇ ਦੁਹਰਾਓ ਅਤੇ ਸੈੱਟਾਂ ਨੂੰ ਹੌਲੀ ਹੌਲੀ ਵਧਾਉਣਾ ਹੈ। ਇਕ ਦਿਨ ਵਿੱਚ ਬਹੁਤ ਜ਼ਿਆਦਾ ਕਸਰਤ ਕਰਨ ਨਾਲ ਸਰੀਰ ਅਗਲੇ ਦਿਨ ਲਈ ਆਪਣੇ ਆਪ ਨੂੰ ਤਿਆਰ ਨਹੀਂ ਕਰ ਪਾਉਂਦਾ।