ਬੁਰਕੀਨਾ ਫਾਸੋ (Burkina Faso) ਤੇ ਨਾਈਜਰ ਦੀ ਸਰਹੱਦ ਨੇਡ਼ੇ ਫਰਾਂਸ ਨੇ ਹਵਾਈ ਹਮਲਾ ਕੀਤਾ ਜਿਸ ਵਿਚ 50 ਤੋਂ ਜ਼ਿਆਦਾ ਅੱਤਵਾਦੀ ਮਾਰੇ ਗਏ। ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਅਨੁਸਾਰ, ਸ਼ੁੱਕਰਵਾਰ ਨੂੰ ਹੋਏ ਇਸ ਹਮਲੇ ‘ਚ ਮਾਰੇ ਗਏ ਸਾਰੇ ਅੱਤਵਾਦੀ ਅਲਕਾਇਦਾ ਦੇ ਸਨ। ਇਹ ਹਵਾਈ ਹਮਲਾ ਸੈਂਟਰਲ ਮਾਲੀ ‘ਚ ਹੋਇਆ।
ਜ਼ਿਕਰਯੋਗ ਹੈ ਕਿ ਮਾਲੀ ਸਥਿਤ ਅੱਤਵਾਦੀਆਂ ਦੇ ਟਿਕਾਣਿਆਂ ‘ਤੇ ਫਰਾਂਸ ਵੱਲੋਂ ਹਵਾਈ ਹਮਲਾ ਕੀਤਾ ਗਿਆ। ਇਸ ਵਿਚ 50 ਤੋਂ ਜ਼ਿਆਦਾ ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਹ ਹਵਾਈ ਹਮਲਾ ਮਿਰਾਜ ਫਾਈਟਰ ਜੈੱਟ ਤੇ ਡਰੋਨ ਦੀ ਮਦਦ ਨਾਲ ਕੀਤਾ ਗਿਆ ਹੈ। ਰੱਖਿਆ ਮੰਤਰੀ ਨੇ ਇਸ ਹਵਾਲੀ ਹਮਲੇ ਬਾਰੇ ਦੱਸਦਿਆਂ ਕਿਹਾ ਕਿ ਅੱਤਵਾਦੀਆਂ ਦੇ ਵਾਹਨ ਵੀ ਇਸ ਵਿਚ ਤਬਾਹ ਹੋ ਗਏ ਹਨ। ਇਹ ਹਮਲਾ ਇਸਲਾਮਿਕ ਅੱਤਵਾਦੀਆਂ ਦੇ ਇਲਾਕੇ ‘ਚ ਕੀਤਾ ਗਿਆ ਹੈ।
ਇਸ ਹਮਲੇ ਤੋਂ ਪਹਿਲਾਂ ਡਰੋਨ ਜ਼ਰੀਏ ਸਥਿਤੀ ਤੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਸੀ। ਵੱਡੀ ਗਿਣਤੀ ‘ਚ ਮੋਟਰਸਾਈਕਲਾਂ ‘ਤੇ ਸਵਾਰ ਅੱਤਵਾਦੀ ਤਿੰਨ ਦੇਸ਼ਾਂ ਦੀਆਂ ਸਰਹੱਦਾਂ ‘ਤੇ ਮੌਜੂਦ ਸਨ। ਅਚਾਨਕ ਹੋਏ ਹਵਾਈ ਹਮਲਿਆਂ ਤੋਂ ਬਚਣ ਲਈ ਅੱਤਵਾਦੀਆਂ ਨੇ ਦਰੱਖਤਾਂ ਦਾ ਸਹਾਰਾ ਲਿਆ ਸੀ। ਜਾਣਕਾਰੀ ਅਨੁਸਾਰ ਅੱਤਵਾਦੀਆਂ ਦਾ ਇਹ ਸਮੂਹ ਫ਼ੌਜੀ ਅੱਡੇ ‘ਤੇ ਹਮਲੇ ਦੀ ਤਿਆਰੀ ਕਰ ਰਿਹਾ ਸੀ। ਇਸ ਦੇ ਲਈ ਅੱਤਵਾਦੀਆਂ ਕੋਲ ਭਾਰੀ ਮਾਤਰਾ ‘ਚ ਵਿਸਫੋਟਕ ਤੇ ਆਤਮਘਾਤੀ ਹਮਲੇ ‘ਚ ਇਸਤੇਮਾਲ ਹੋਣ ਵਾਲੀ ਜੈਕੇਟ ਵੀ ਬਰਾਮਦ ਕੀਤੀ ਗਈ ਹੈ।