ਜੀ-20 ਸਿਖਰ ਸੰਮੇਲਨ 9 ਤੇ 10 ਸਤੰਬਰ ਨੂੰ ਦਿੱਲੀ ਵਿਚ ਹੋਵੇਗਾ। ਅਮਰੀਕੀ ਰਾਸ਼ਟਰਪਤੀ ਸਮੇਤ ਕਈ ਦੇਸ਼ਾਂ ਦੇ ਮੁਖੀ ਕੁਝ ਦਿਨਾਂ ਵਿਚ ਸਾਡੇ ਦੇਸ਼ ਆਉਣ ਵਾਲੇ ਹਨ। ਭਾਰਤ ਦੀ ਕੋਸ਼ਿਸ਼ ਹੈ ਕਿ ਇਸ ਮੌਕੇ ‘ਤੇ ਇਨ੍ਹਾਂ ਵਿਦੇਸ਼ੀ ਮਹਿਮਾਨਾਂ ਦੀ ਮਹਿਮਾਨ-ਨਿਵਾਜ਼ੀ ਵਿਸ਼ੇਸ਼ ਤਰੀਕੇ ਨਾਲ ਕੀਤੀ ਜਾਵੇ। ਇਸ ਦੌਰਾਨ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ 9 ਸਤੰਬਰ ਨੂੰ ਰਾਸ਼ਟਰਪਤੀ ਭਵਨ ਵਿਚ ਹੋਣ ਵਾਲੇ ਜੀ-20 ਡਿਨਰ ਲਈ ਸੱਦਾ ਪੱਤਰ ਵਿਚ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਥਾਂ ਪ੍ਰੈਜ਼ੀਡੈਂਟ ਆਫ ਭਾਰਤ ਲਿਖਿਆ ਹੈ।
ਜੈਰਾਮ ਰਮੇਸ਼ ਨੇ ਮੋਦੀ ਸਰਕਾਰ ਨੂੰ ਘੇਰਿਆ
ਜੈਰਾਮ ਰਮੇਸ਼ ਨੇ ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ਲਿਖਿਆ, ਇਹ ਖ਼ਬਰ ਵਾਕਿਆ ਸੱਚ ਹੈ, ਰਾਸ਼ਟਰਪਤੀ ਭਵਨ ਮੇ 9 ਸਤੰਬਰ ਨੂੰ ਜੀ-20 ਡਿਨਰ ਲਈ ਆਮ ਪ੍ਰੋਟੋਕਾਲ President Of India ਦੀ ਜਗ੍ਹਾ President Of Bharat ਦੇ ਨਾਂ ਨਾਲ ਸੱਦਾ ਭੇਜਿਆ ਹੈ। ਹੁਣ ਸੰਵਿਧਾਨ ਵਿਚ ਧਾਰਾ 1 ਹੋ ਸਕਦੀ ਹੈ: ਭਾਰਤ, ਜੋ ਇੰਡੀਆ ਸੀ, ਸੂਬਿਆਂ ਦਾ ਸੰਘ ਹੋਵੇਗਾ ਪਰ ਹੁਣ ਇਹ ‘ਸੂਬਿਆਂ ਦੇ ਸੰਘ’ ‘ਤੇ ਵੀ ਹਮਲਾ ਹੋ ਰਿਹਾ ਹੈ।
ਭਾਜਪਾ ਨੇਤਾਵਾਂ ਦੀ ਮੰਗ- ਸੰਵਿਧਾਨ ‘ਚੋਂ ਹਟੇ ਸ਼ਬਦ ਇੰਡੀਆ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਭਾਜਪਾ ਦੇ ਸੰਸਦ ਮੈਂਬਰ ਹਰਨਾਥ ਸਿੰਘ ਯਾਦਵ ਨੇ ਭਾਰਤੀ ਸੰਵਿਧਾਨ ਵਿਚ ਲਿਖੇ ਇੰਡੀਆ ਸ਼ਬਦ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ “ਪੂਰਾ ਦੇਸ਼ ਮੰਗ ਕਰ ਰਿਹਾ ਹੈ ਕਿ ਸਾਨੂੰ ‘ਇੰਡੀਆ’ ਦੀ ਥਾਂ ‘ਭਾਰਤ’ ਸ਼ਬਦ ਵਰਤਣਾ ਚਾਹੀਦਾ ਹੈ… ‘ਇੰਡੀਆ’ ਸ਼ਬਦ ਅੰਗਰੇਜ਼ਾਂ ਵੱਲੋਂ ਦਿੱਤੀ ਗਈ ਇਕ ਗਾਲ ਹੈ, ਜਦੋਂਕਿ ‘ਭਾਰਤ’ ਸ਼ਬਦ… ਸਾਡੇ ਸੱਭਿਆਚਾਰ ਦਾ ਪ੍ਰਤੀਕ ਹੈ। ਮੈਂ ਚਾਹੁੰਦਾ ਹਾਂ ਕਿ ਸਾਡੇ ਸੰਵਿਧਾਨ ‘ਚ ਬਦਲਾਅ ਹੋਵੇ ਤੇ ਇਸ ਵਿਚ ‘ਭਾਰਤ’ ਸ਼ਬਦ ਜੋੜਿਆ ਜਾਵੇ।
ਕੁਝ ਦਿਨ ਪਹਿਲਾਂ ਭਾਜਪਾ ਦੇ ਰਾਜ ਸਭਾ ਮੈਂਬਰ ਨਰੇਸ਼ ਬਾਂਸਲ ਨੇ ਵੀ ਸੰਵਿਧਾਨ ਵਿੱਚੋਂ ਇੰਡੀਆ ਸ਼ਬਦ ਨੂੰ ਹਟਾ ਕੇ ਭਾਰਤ ਸ਼ਬਦ ਦੀ ਵਰਤੋਂ ਕਰਨ ਦੀ ਮੰਗ ਕੀਤੀ ਹੈ। ਉਸ ਦਾ ਇੰਡੀਆ ਸ਼ਬਦ ਬਸਤੀਵਾਦੀ ਦਾਸਤਾਂ ਦਾ ਪ੍ਰਤੀਕ ਹੈ। ਕਿਆਸ ਅਰਾਈਆਂ ਇਹ ਵੀ ਹਨ ਕਿ ਸੰਸਦ ਦੇ ਆਗਾਮੀ ਵਿਸ਼ੇਸ਼ ਸੈਸ਼ਨ ਵਿਚ ਕੇਂਦਰ ਸਰਕਾਰ ਸੰਵਿਧਾਨ ਵਿੱਚੋਂ ‘ਇੰਡੀਆ’ ਸ਼ਬਦ ਨੂੰ ਹਟਾਉਣ ਲਈ ਬਿੱਲ ਲਿਆ ਸਕਦੀ ਹੈ। ਸੂਤਰਾਂ ਨੇ ਦਾਅਵਾ ਕੀਤਾ ਕਿ ਇਸ ਨਾਲ ਸਬੰਧਤ ਪ੍ਰਸਤਾਵ ਦੀ ਤਿਆਰੀ ਚੱਲ ਰਹੀ ਹੈ।
ਹਿਮੰਤ ਨੇ ਲਿਖਿਆ ਰਿਪਬਲਿਕ ਆਫ ਭਾਰਤ
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਆਪਣੇ ਐਕਸ ਹੈਂਡਲ ‘ਤੇ ਲਿਖਿਆ, ‘ਰਿਪਬਲਿਕ ਆਫ ਭਾਰਤ ਖੁਸ਼ ਤੇ ਮਾਣ ਹੈ ਕਿ ਸਾਡੀ ਸੱਭਿਅਤਾ ਅੰਮ੍ਰਿਤ ਕਾਲ ਵੱਲ ਦਲੇਰੀ ਨਾਲ ਅੱਗੇ ਵੱਧ ਰਹੀ ਹੈ।’
ਪੁਤਿਨ ਤੇ ਜਿਨਪਿੰਗ ਨਹੀਂ ਆ ਰਹੇ ਭਾਰਤ
ਜ਼ਿਕਰਯੋਗ ਹੈ ਕਿ ਰੂਸ ਤੋਂ ਬਾਅਦ ਚੀਨ ਦੇ ਰਾਸ਼ਟਰਪਤੀ ਨੇ ਵੀ ਇਸ ਬੈਠਕ ‘ਚ ਹਿੱਸਾ ਨਾ ਲੈਣ ਦਾ ਐਲਾਨ ਕੀਤਾ ਹੈ, ਹਾਲਾਂਕਿ ਦੋਵਾਂ ਦੇਸ਼ਾਂ ਦੇ ਉੱਚ ਪੱਧਰੀ ਵਫਦ ਇਸ ‘ਚ ਹਿੱਸਾ ਲੈਣਗੇ। ਜੀ-20 ਸੰਗਠਨ ਵਿਚ 19 ਦੇਸ਼ (ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਦੱਖਣੀ ਕੋਰੀਆ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂ.ਕੇ. ਅਤੇ ਅਮਰੀਕਾ) ਅਤੇ ਯੂਰਪੀਅਨ ਯੂਨੀਅਨ ਹਨ। ਦੁਨੀਆ ਦੀ ਦੋ ਤਿਹਾਈ ਆਬਾਦੀ ਇਨ੍ਹਾਂ ਦੇਸ਼ਾਂ ਵਿੱਚ ਰਹਿੰਦੀ ਹੈ, ਜਦੋਂ ਕਿ ਇਨ੍ਹਾਂ ਕੋਲ ਵਿਸ਼ਵ ਦੀ ਕੁੱਲ ਘਰੇਲੂ ਪੈਦਾਵਾਰ ਦਾ 85 ਫ਼ੀਸਦੀ ਅਤੇ ਕੁੱਲ ਵਿਸ਼ਵ ਵਪਾਰ ਦਾ 75 ਫ਼ੀਸਦੀ ਹਿੱਸਾ ਹੈ।